ਪੰਨਾ:ਪੱਥਰ ਬੋਲ ਪਏ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਤਸਵੀਰ ਸਾਹਵੇਂ ਬੈਠ ਕੇ ਸ਼ਿਕਵੇ ਸੁਣਾ ਲੈਨਾਂ।
ਖਲੋ ਕੇ ਮੌਤ ਦੇ ਕੰਢੇ ਮੈਂ ਜੀਵਨ ਨੂੰ ਬੁਲਾ ਲੈਨਾਂ।

ਮੈਂ ਤੇਰੇ ਇਸ਼ਕ ਅੰਦਰ ਕਿਸ ਕਦਰ ਬਰਬਾਦ ਹੋਇਆ ਹਾਂ,
ਸਮਝ ਕੇ ਦੇਣ ਤੇਰੀ ਸ਼ੁਕਰ ਕਾਦਰ ਦਾ ਮਨਾ ਲੈਨਾਂ।

ਤੇਰੇ ਕੀਤੇ ਹੋਏ ਇਕਰਾਰ ਜਦ ਵੀ ਯਾਦ ਔਂਦੇ ਨੇ,
ਮੈਂ ਹੰਝੂਆਂ ਦੀ ਝੜੀ ਅੰਦਰ ਲਗੀ ਦਿਲ ਦੀ ਬੁਝਾ ਲੈਨਾਂ।

ਜਦੋਂ ਆਸ਼ਾ ਦੀ ਬੇੜੀ ਡੋਲਦੀ ਦੁੱਖਾਂ ਦੇ ਸਾਗਰ ਵਿਚ
ਉਦੋਂ ਤੂਫ਼ਾਨ ਦੀ ਹਰ ਲਹਿਰ ਨੂੰ ਸਾਹਿਲ ਬਣਾ ਲੈਨਾਂ।

ਕਦੇ ਆਸਣ ਹੈ ਬੁਤਖ਼ਾਨੇ, ਕਦੇ ਡੇਰਾ ਹੈ ਮੈਖ਼ਾਨੇ,
ਕਦੇ ਦੋਹਾਂ ਤੋਂ ਇਕ ਵਖਰੀ ਜਹੀ ਦੁਨੀਆਂ ਵਸਾ ਲੈਨਾਂ।

ਤੇਰੀ ਇਕ ਮੁਸਕਰਾਹਟ ਤੋਂ ਕਰਾਂ ਸੌ ਜਾਨ ਸਦਕੇ ਮੈਂ,
ਹਾਂ 'ਅਰਆਨੀ' ਮੈਂ ਅਰਮਾਨਾ ਨੂੰ ਖ਼ਾਬਾ ਵਿਚ ਸਜਾ ਲੈਨਾਂ।

੬੪