ਪੰਨਾ:ਫ਼ਰਾਂਸ ਦੀਆਂ ਰਾਤਾਂ.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਰ ਇਥੇ ਇਹ ਗੱਲ ਨਹੀਂ ਸੀ। ਛਟਾਂਕ ਗਲਾਸ ਵਿਚ ਪਾ ਕੇ ਉਪਰ ਸੋਡਾ ਬਰਫ਼ ਪਾ ਲੈਣੀ ਅਤੇ ਮਿਠੇ ਮਿਠੇ ਘਟ ਘੰਟੇ ਦੋ ਘੰਟੇ ਵਿਚ ਸਵਾਦ ਲੈ ਲੈ ਪੀਣਾ: ਪਰ ਪੀਣੀ ਹਰ ਰੋਜ਼। ਬਹੁਤ ਛਾਲ ਮਾਰਨੀ ਤਾਂ ਛਟਾਂਕ ਹੋਰ ਸਹੀ; ਪਰ ਅਜ ਕਲ ਤਾਂ ਹੋਲੀਆਂ ਸਨ। ਫਿਰ ਮਿੱਤਰ ਵੀ ਘਰ ਆਇਆ ਸੀ!

¤¤¤¤¤

ਤਿੰਨੇ ਪਤੀਲੇ ਲਾਹ ਕੇ ਗਰਮ ਰਖੇ ਹੋਏ ਸਨ। ਉਨ੍ਹਾਂ ਵਿਚੋਂ ਭਿੰਨ ਭਿੰਨੀ ਮੂੰਹ 'ਚੋਂ ਪਾਣੀ ਆਉਣ ਵਾਲੀ ਸੁਗੰਧੀ ਉਠ ਰਹੀ ਸੀ। ਮੇਜ਼ ਲਗ ਚੁਕਿਆ ਸੀ, ਬੋਤਲ ਖੁਲੀ ਪਈ ਸੀ, ਕੱਚ ਦੇ ਗਲਾਸ ਮੌਜੂਦ ਸਨ; ਪਰ "ਅਗਨੂੰਆਂ ਸਾਈਸ ਅਜੇ ਬਰਫ਼ ਸੋਡਾ ਲੈ ਕੇ ਨਹੀਂ ਸੀ ਮੁੜਿਆ। ਦੋਹਾਂ ਨੇ ਹੀ ਇਕ ਇਕ ਪੈਗ ਬਿਨਾ ਬਰਫ਼ ਸੋਡਾ, ਪਾਣੀ, ਨਾਲ ਹੀ ਸ਼ੁਰੂ ਕਰ ਦਿਤਾ; ਪਰ ਅਜੇ ਵੀ ਅਗਨੂਆਂ ਨਾ ਆਇਆ। ਅਸਲ ਵਿਚ ਉਹ ਵੀ ਸਦਰ ਬਾਜ਼ਾਰ 'ਚ ਹੋਲੀ ਮਨਾ ਰਿਹਾ ਸੀ ਅਤੇ ਬਾਲਾ ਸੁੰਦਰੀ ਦੇ ਲੋਰ ਵਿਚ ਉਹ ਆਪਣੇ ਮਾਲਕ ਦੇ ਹੁਕਮ ਨੂੰ ਤੇ ਸੋਡੇ ਬਰਫ਼ ਨੂੰ ਉੱਕਾ ਭੁਲਾ ਚੁਕਾ ਸੀ।
ਹੁਣ ਮੈਨੂੰ ਹੁਕਮ ਮਿਲਿਆ:
"ਜਾ ਕਾਕਾ! ਜਾ ਕੇ ਸੋਡੇ ਦੀਆਂ ਛੇ ਬੋਤਲਾਂ ਤੇ ਦੋ ਸੇਰ ਬਰਫ਼-!" ਇਹ ਹੁਕਮ ਸੁਣ ਕੇ ਤਾਂ ਮੇਰੀ ਹੋਸ਼ ਗੁੰਮ ਹੋ ਗਈ। ਅਸਲ ਗੱਲ ਇਹ ਸੀ ਕਿ ਰਸਾਲਾ ਬਾਜ਼ਾਰ ਨੂੰ ਜਾਂਦਿਆਂ ਰਸਤੇ ਵਿਚ ਇਕ ਬਾਗ਼ ਹੈ ਸੀ। ਬਾਗ਼ ਵਿਚ ਇਕ ਬ੍ਰਿਛ ਉਪਰ ਸਾਵੇ ਰੰਗ ਦਾ ਝੰਡਾ ਸੀ ਤੇ ਆਖਦੇ ਸਨ ਕਿ ਉਹ ਕਿਸੇ ਜਿੰਨ੍ਹਾਂ ਦੇ ਪੀਰ ਦੀ ਥਾਂ ਹੈ। ਮੈਂ ਦਿਨੇ ਵੀ ਜਦੋਂ ਉਥੋਂ ਲੰਘਿਆ ਕਰਦਾ, ਹਮੇਸ਼ਾ ਹੀ ਭੱਜ ਕੇ ਲੰਘਦਾ। ਫਿਰ ਅਜ ਤਾਂ ਚੋਖੀ ਰਾਤ ਹੈਸੀ। ਸਾਥੀ ਮੁੰਡੇ ਦਸਦੇ ਸਨ ਕਿ ਇਹ ਪੀਰ ਮੁੰਡਿਆਂ ਦਾ ਖ਼ਾਸ ਵੈਰੀ ਹੈ; ਪਰ ਦਿਨੇ ਚਾਨਣਾ ਹੁੰਦਾ ਸੀ। ਫਿਰ ਪੜ੍ਹਨ ਜਾਂਦਿਆਂ ਦੋ ਚਾਰ ਮੁੰਡੇ ਹੋਣੇ।
ਹੁਣ ਰਾਤ ਪੈ ਚੁਕੀ ਸੀ। ਦੂਜੇ ਪਾਸੇ ਪਿਤਾ ਦਾ ਸ਼ਾਹੀ ਤੇ ਇਲਾਹੀ ਹੁਕਮ ਸੀ। ਉਹ ਵੀ ਇਕ ਮਿੱਤਰ ਦੀ ਮੌਜੂਦਗੀ ਵਿਚ ਅਤੇ ਫਿਰ ਨਸ਼ੇ ਦੇ ਘੋੜੇ ਉਪਰ ਸਵਾਰ ਹੋ ਕੇ।

-੧੦