ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਲ੍ਹਦੀਆਂ ਬਾਰੀਆਂ ਹਨ। ਪਰ ਕੀ ਸਾਡੇ ਇੰਦਰਿਆਵੀ ਪ੍ਰਭਾਵ ਸੰਸਾਰ ਬਾਰੇ ਸਾਨੂੰ ਹਮੇਸ਼ਾ ਹੀ ਠੀਕ ਠੀਕ ਜਾਣਕਾਰੀ ਦੇਂਦੇ ਹਨ? ਜਾਂ ਕਿ ਉਹ ਭੁਲਾਵਾ ਰੂਪੀ ਹਨ? ਇਹ ਐਸੀ ਸਮੱਸਿਆ ਹੈ ਜਿਹੜੀ ਪੁਰਾਤਨ ਸਮਿਆਂ ਵਿਚ ਵੀ ਫ਼ਿਲਾਸਫ਼ਰਾਂ ਦੀ ਦਿਲਚਸਪੀ ਦਾ ਵਿਸ਼ਾ ਰਹੀ ਹੈ। ਉਹਨਾਂ ਵਿਚੋਂ ਕੁਝ ਇਹ ਖ਼ਿਆਲ ਕਰਦੇ ਸਨ ਕਿ ਇੰਦਰਿਆਵੀ ਅਨੁਭਵ ਸਾਨੂੰ ਠੀਕ ਜਾਣਕਾਰੀ ਅਤੇ ਪ੍ਰਮਾਣਿਕ ਗਿਆਨ ਦੇਂਦੇ ਹਨ, ਅਤੇ ਸਾਡੇ ਦੁਆਲੇ ਦਾ ਸੰਸਾਰ ਸਚਮੁਚ ਉਸੋਤਰ੍ਹਾਂ ਦਾ ਹੈ ਜਿਸਤਰ੍ਹਾਂ ਦੀ ਸਾਨੂੰ ਇਸ ਬਾਰੇ ਅਨੁਭੂਤੀ ਹੁੰਦੀ ਹੈ। ਕੁਝ ਹੋਰ ਫ਼ਿਲਾਸਫ਼ਰਾਂ ਇਸ ਬਾਰੇ ਸੰਦੇਹ ਸੀ। ਬੇਸ਼ਕ, ਕਦੀ ਕਦੀ ਇਹ ਲੱਗਦਾ ਹੈ ਕਿ ਸਾਡੇ ਗਿਆਨ-ਇੰਦਰੇ ਸਾਨੂੰ ਦੁਨੀਆਂ ਦੀ ਗ਼ਲਤ ਤਸਵੀਰ ਦੇਂਦੇ ਹਨ। ਆਪਣੀ ਮਨੋ-ਸਥਿਤੀ ਅਤੇ ਸਵਾਸਥ ਦੀ ਹਾਲਤ ਉਪਰ ਨਿਰਭਰ ਕਰਦਿਆਂ ਸਾਨੂੰ ਇਕੋ ਹੀ ਚੀਜ਼ ਦੀ ਵਖੋ ਵਖਰੀ ਤਰ੍ਹਾਂ ਦੀ ਅਨੁਭੂਤੀ ਹੁੰਦੀ ਹੈ। ਫਿਰ ਵੀ, ਇੰਦਰਿਆਵੀ ਬਿੰਬ ਦਾ ਵਸਤੂ ਅਬਦਲ ਹੁੰਦਾ ਹੈ। ਭੁਲਾਵੇ ਵੀ ਉਹਨਾਂ ਹਾਲਤਾਂ ਉਪਰ ਨਿਰਭਰ ਕਰਦੇ ਹਨ, ਜਿਨ੍ਹਾਂ ਵਿਚ ਅਨੁਭਵ ਕੀਤਾ ਗਿਆ ਵਰਤਾਰਾ ਹੋਂਦ ਰੱਖਦਾ ਹੈ। ਇਸਤਰ੍ਹਾਂ, ਭਾਵੇਂ ਵਸਤੂ ਦਾ ਆਕਾਰ ਨਹੀਂ ਬਦਲਦਾ, ਪਰ ਉਸ ਫ਼ਾਸਲੇ ਉਤੇ ਨਿਰਭਰ ਕਰਦਿਆਂ, ਜਿਸਤੋਂ ਅਸੀਂ ਇਸਨੂੰ ਦੇਖ ਰਹੇ ਹੁੰਦੇ ਹਾਂ, ਇਹ ਆਪਣੇ ਅਸਲੀ ਆਕਾਰ ਨਾਲੋਂ ਵਡੀ ਜਾਂ ਛੋਟੀ ਲੱਗਦੀ ਹੈ। ਤਾਂ ਵੀ, ਭੁਲਾਵਿਆਂ ਦਾ ਸਿਰਫ਼ ਮਨਫ਼ੀ ਪੱਖ ਦੇਖਣਾ ਗ਼ਲਤੀ ਹੋਵੇਗੀ। ਕਦੀ ਕਦੀ ਉਹ ਸੰਸਾਰ ਦੀਆਂ ਕੁਝ ਖਾਸੀਅਤਾਂ ਬਾਰੇ ਵਧੇਰੇ ਜਾਣਨ ਵਿਚ ਸਹਾਈ ਹੁੰਦੇ ਹਨ। ਇਸਤਰ੍ਹਾਂ, ਪਾਣੀ ਵਿਚ ਡੁਬੋਈ ਹੋਈ ਸੋਟੀ ਟੁੱਟੀ ਹੋਈ ਲੱਗਦੀ ਹੈ, ਅਤੇ ਇਸ ਪ੍ਰਭਾਵ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਰੌਸ਼ਨੀ ਪਾਣੀ ਵਿਚੋਂ ਅਤੇ ਹਵਾ ਵਿਚੋ ਵਖੋ ਵਖਰੇ ਢੰਗ ਨਾਲ ਲੰਘਦੀ ਹੈ। ਖਾਸੀਅਤਾਂ ਵਿਚਲੇ ਇਸ ਫ਼ਰਕ ਦੀ ਛਾਪ

੨੦੫