ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਦੇ ਲਈ ਸਬਰ ਤੇ ਸਮੇਂ ਦੀ ਲੋੜ ਸੀ। ਲੋਕ ਗੀਤ ਕਾਵਿ ਮਈ ਹੋਣ ਕਾਰਨ ਯਾਦ ਰਖਣੇ ਸੰਖ ਸਨ|
ਲੋਕ ਕਹਾਣੀਆਂ ਦੇ ਮਹੱਤਵ ਨੂੰ ਮੁਖ ਰਖਦਿਆਂ ਪੰਜਾਬੀ ਵਿੱਚ ਡਾ. ਵਣਜਾਰਾ ਬੇਦੀ, ਗਿਆਨੀ ਗੁਰਦਿੱਤ ਸਿੰਘ, ਸੰਤੋਖ ਸਿੰਘ ਧੀਰ ਅਤੇ ਸੁਖਦੇਵ ਮਾਦਪੁਰੀ ਨੇ ਇਹਨਾਂ ਦੀ ਸੰਭਾਲ ਵਲ ਕਾਫੀ ਕੰਮ ਕੀਤਾ ਹੈ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਟੀਆਂ ਵਿੱਚ ਵੀ ਲੋਕ ਕਹਾਣੀਆਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ।
ਸਵਰਗੀ ਸਰਦਾਰ ਜੀਵਨ ਸਿੰਘ, ਮਾਲਕ ਲਾਹੌਰ ਬੁੱਕ ਸ਼ਾਪ, ਲੁਧਿਆਣਾ ਦੀ ਪੇਰਨਾ ਸਦਕਾ ਲੋਕ ਗੀਤਾਂ ਅਤੇ ਬੁਝਾਰਤਾਂ ਦੇ ਨਾਲੋਂ ਨਾਲ ਮੈਂ ਲੋਕ ਕਹਾਣੀਆਂ ਸਾਂਭਣ ਦਾ ਯਤਨ ਵੀ ਅਰੰਭਿਆ ਸੀ ਜਿਸਦੇ ਸਿੱਟੇ ਵਜੋਂ ਇਹ ਪੁਸਤਕ ਪਾਠਕਾਂ ਦੀ ਝੋਲੀ ਪਾ ਰਿਹਾ ਹਾਂ। ਉਦੋਂ ਰਿਕਾਰਡ ਕਰਨ ਦੇ ਵਿਗਿਆਨਕ ਸਾਧਨ ਨਹੀਂ ਸਨ ਹੁੰਦੇ-ਸਿੱਧੇ ਹੀ ਸੁਣ ਕੇ ਲਿਖਣਾ ਪੈਂਦਾ ਸੀ। ਇਸ ਪੁਸਤਕ ਵਿੱਚ ਸ਼ਾਮਲ ਲੋਕ ਕਹਾਣੀਆਂ ਬਿਨਾਂ ਕਿਸੇ ਵਿਸ਼ੇਸ਼ ਸੁਧਾਈ ਦੇ-"ਜਿਵੇਂ ਬੋਲਿਆ ਕਿਵੇਂ ਲਿਖੀਆ" ਦੇ ਆਧਾਰ ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹਨਾਂ ਦੀ ਸ਼ਬਦਾਵਲੀ, ਵਾਕ ਬਣਤਰ ਅਤੇ ਸ਼ੈਲੀ ਉਸੇ ਰੂਪ ਵਿੱਚ ਸੰਭਾਲੀ ਜਾ ਸਕੇ ਜਿਵੇਂ ਪੇਸ਼ਕਾਰਾਂ ਨੇ ਪੇਸ਼ ਕੀਤੀ ਹੈ। ਇਹਨਾਂ ਦਾ ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨ ਦਾ ਕਾਰਜ ਵਿਦਵਾਨਾਂ ਦੇ ਹਵਾਲੇ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਮੈਂ ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਰਿਣੀ ਹਾਂ ਜਿਨ੍ਹਾਂ ਦੇ ਭਰਪੂਰ ਸਹਿਯੋਗ ਅਤੇ ਉਤਸ਼ਾਹ ਸਦਕਾ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰ ਸਕਿਆ ਹਾਂ।
ਮੈਨੂੰ ਆਸ ਹੈ ਪੰਜਾਬੀ ਪਾਠਕ ਇਹਨਾਂ ਬਾਤਾਂ ਨੂੰ ਪੜ੍ਹਕੇ ਆਨੰਦ ਪ੍ਰਾਪਤ ਕਰਨਗੇ।


ਸਮਾਧੀ ਰੋਡ ਸੁਖਦੇਵ ਮਾਦਪੁਰੀ
ਖੰਨਾ-141401
ਫੋਨ :-01628-224704
5 ਅਕਤੂਬਰ, 2002

12