ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਰਨ ਗਊ ਦਾ ਦੁੱਧ ਚੁੰਘ ਆਇਆ ਕਰਨ। ਇੱਕ ਦਿਨ ਮਤਰੇਈ ਮਾਂ ਦੇ ਮੁੰਡੇ ਨੇ ਦੋਹਾਂ ਨੂੰ ਗਊ ਦਾ ਦੁੱਧ ਚੁੰਘਦਿਆਂ ਵੇਖ ਲਿਆ। ਉਹਨੇ ਆਪਣੀ ਮਾਂ ਨੂੰ ਗਊ ਦੇ ਦੁੱਧ ਚੁੰਘਾਉਣ ਬਾਰੇ ਦੱਸ ਦਿੱਤਾ। ਉਹ ਫੇਰ ਰਾਜੇ ਦੇ ਆਉਂਦੇ ਨੂੰ ਖਣਪੱਟੀ ਲੈ ਕੇ ਪੈ ਗਈ। ਕਹਿੰਦੀ, “ਤਾਂ ਜਿਊਨੀ ਆਂ ਜੇ ਏਸ ਗਊ ਨੂੰ ਮਰਵਾਵੇਂ।
ਰਾਜੇ ਨੇ ਗਊ ਤਾਂ ਨਾ ਮਰਵਾਈ। ਗਊ ਨੂੰ ਇੱਕ ਜ਼ਮੀਂਦਾਰ ਨੂੰ ਸੰਭਾਲ ਕੇ ਕਿਹਾ, “ਤੂੰ ਮੇਰੇ ਮੁੰਡੇ ਤੇ ਧੀ ਨੂੰ ਏਸ ਗਉ ਦਾ ਦੁੱਧ ਰੋਜ਼ ਚੁੰਘਾ ਦਿਆ ਕਰੀਂ ਤੇ ਮੈਥੋਂ ਪੱਠਿਆਂ ਦਾ ਮੁੱਲ ਲੈ ਲਿਆ ਕਰੀਂ।”
ਜ਼ਮੀਂਦਾਰ ਮੰਨ ਗਿਆ।
ਮੱਤਰੇਈ ਮਾਂ ਭੈਣਾਂ-ਭਰਾਵਾਂ ਨੂੰ ਵੇਖ ਕੇ ਸੁਖਾਂਦੀ ਨਾ ਸੀ। ਆਖਰ ਰਾਣੀ ਨੇ ਪਿੰਡ ਦੇ ਦਰਵਾਜ਼ੇ ਮੂਹਰੇ ਅਖਵਾਰ ਲਿਖ ਕੇ ਲਾ ਦਿੱਤਾ ਬਈ ਓਸ ਮੁੰਡਾ ਕੁੜੀ ਨੂੰ ਇਸ ਪਿੰਡ ਵਿੱਚ ਵੜਨ ਦਾ ਹੁਕਮ ਨੀ।
ਮੁੰਡਾ-ਕੁੜੀ ਅਖਬਾਰ ਪੜਕੇ ਪਿਛਾਂਹ ਹੀ ਮੁੜ ਗਏ। ਉਹ ਚਲੋ ਚਾਲ ਜਾਂਦੇ ਨੇ ਜੰਗਲ ਬੀਆਬਾਨ ਵਿੱਚ ਉਹਨਾਂ ਨੂੰ ਇੱਕ ਦਿਓ ਦੀ ਕੁਟੀਆ ਦਿਖੀ। ਉਹ ਕੁਟੀਆ ਵਿੱਚ ਚਲੇ ਗਏ। ਕੁਟੀਆ ਵਿੱਚ ਇੱਕ ਕੁੜੀ ਸੀ। ਉਹ ਉਹਨੂੰ ਕਹਿੰਦੇ, “ਭੈਣੇ ਭੈਣੇ ਸਾਨੂੰ ਏਥੇ ਰੱਖ ਲੈ।
ਕਹਿੰਦੀ, “ਭਾਈ ਥੋਨੂੰ ਮੈਂ ਰੱਖ ਤਾਂ ਲੈਂਦੀ ਆਂ ਪਰ ਮੇਰਾ ਬਾਪ ਦਿਓ ਐ ਉਹ ਥੋਨੂੰ ਆ ਕੇ ਖਾ ਲੂ।"
“ਭੈਣੇ ਅਸੀਂ ਤਾਂ ਤੇਰੇ ਈ ਰੱਖਣ ਦੇ ਆਂ-ਜਿਵੇਂ ਮਰਜ਼ੀ ਕਰ।" ਭੈਣ-ਭਾਈ ਨੇ ਆਖਿਆ।
ਉਹਨੇ ਉਹਨਾਂ ਨੂੰ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ।
ਬਾਹਰੋਂ ਦਿਓ ਆਇਆ ‘“ਆਦਮ ਬੋ, ਆਦਮ ਬੋ ਕਰਦਾ ਆਇਆ।
“ਮਨੁੱਖ ਦਾ ਮੁਸ਼ਕ ਆਉਂਦੈ...."
ਕੁੜੀ ਕਹਿੰਦੀ, “ਏਥੇ ਤਾਂ ਕੋਈ ਨੀ।"
ਦਿਓ ਟੋਲਦਾ ਰਿਹਾ। ਦਿਓ ਨੇ ਪਹੁੰਚੇ ਨਾਲ ਕੌਲੇ ਨਾਲੋਂ ਮੱਖੀ ਫੜ ਲਈ-ਦੋਨੋਂ ਮੁੰਡਾ ਕੁੜੀ ਬਣ ਗਏ। ਦਿਓ ਨੂੰ ਉਹਨਾਂ ਤੇ ਤਰਸ ਆ ਗਿਆ ਕਹਿੰਦਾ, “ਕਾਕਾ ਮੰਗ ਜੋ ਕੁਝ ਮੰਗਣੋਂ।"
ਮੁੰਡਾ ਕਹਿੰਦਾ, “ਮੈਂ ਤਾਂ ਤੇਰੀ ਕੁੜੀ ਨਾਲ ਵਿਆਹ ਕਰਾਉਣੈ।"
{{gap}
ਦਿਓ ਨੇ ਆਪਣੀ ਕੁੜੀ ਨਾਲ ਉਸ ਦਾ ਵਿਆਹ ਕਰ ਦਿੱਤਾ ਤੇ ਆਪ ਉਥੋਂ ਚੱਲਿਆ ਗਿਆ। ਤਿੰਨੇ ਉਸ ਕੁਟੀਆ ਵਿੱਚ ਰਹਿਣ ਲੱਗ ਪਏ।
ਮੁੰਡੇ-ਕੁੜੀ ਦਾ ਬਾਪ ਉਹਨਾਂ ਨੂੰ ਟੋਲਦਾ ਫਿਰਦਾ ਸੀ। ਓਹ ਉਸੇ ਕੁਟੀਆ ਵਿੱਚ ਆ ਗਿਆ। ਉਹ ਕਹਿੰਦੇ, “ਅਸੀਂ ਹੁਣ ਤੇਰੇ ਨਾਲ ਕੀ ਕਰਨ ਜਾਣੈ। ਏਥੇ ਹੁਣ ਮੌਜ ਨਾਲ ਰਹਿਨੇ ਆਂ।"
ਤੇ ਉਹ ਖਾਲੀ ਹੀ ਆਪਣੇ ਘਰ ਨੂੰ ਮੁੜ ਗਿਆ।

60