ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬਦੀ ਦਾ ਅੰਤ


ਇੱਕ ਸੀ ਲੱਖੀ ਵਣਜਾਰਾ। ਉਹ ਚੂੜੀਆਂ ਬੇਚ ਕੇ ਗੁਜ਼ਾਰਾ ਕਰਿਆ ਕਰਦਾ ਸੀ। ਓਸ ਦਾ ਟੱਬਰ ਕਿਤੇ ਹੋਰ ਰਹਿੰਦਾ ਸੀ ਤੇ ਉਹ ਆਪ ਇੱਕ ਬਣ ਵਿੱਚ ਰਹਿੰਦਾ ਸੀ। ਉਸੇ ਬਣ ਵਿੱਚ ਝਿਊਰ ਤੇ ਉਸ ਦੀ ਝਿਊਰੀ ਰਿਹਾ ਕਰਦੇ ਸੀ। ਝਿਊਰੀ ਕੋਲ ਇੱਕ ਮੁੰਡਾ ਸੀ। ਵਹਿਮਾਤਾ ਲਿਖਕੇ ਗਈ ਸੀ ਬਈ ਏਸ ਮੁੰਡੇ ਦੀ ਸ਼ਾਦੀ ਕਿੱਥੇ ਹੋਊਗੀ। ਇੱਕ ਦਿਨ ਵਹਿਮਾਤਾ ਲੱਖੀ ਵਣਜਾਰੇ ਨੂੰ ਸੁਪਨੇ ਵਿੱਚ ਮਿਲੀ ਤੇ ਆਖਿਆ, “ਏਸ ਮੁੰਡੇ ਦੀ ਸ਼ਾਦੀ ਤੇਰੀ ਪੋਤੀ ਨਾਲ ਹੋਊਗੀ।"
ਇਹ ਗੱਲ ਸੁਣ ਕੇ ਲੱਖੀ ਵਣਜਾਰਾ ਕਹਿੰਦਾ, “ਏਸ ਮੁੰਡੇ ਨੂੰ ਕਿਵੇਂ ਨਾ ਕਿਵੇਂ ਮਾਰਨਾ ਚਾਹੀਦੈ।" ਉਹ ਪੈਸਿਆਂ ਤੇ ਰੁਪਿਆਂ ਦਾ ਥੈਲਾ ਭਰਕੇ ਝਿਊਰ ਕੋਲ ਆ ਗਿਆ। ਝਿਊਰ ਨੂੰ ਕਹਿੰਦਾ, “ਮੈਨੂੰ ਇਹ ਮੁੰਡਾ ਦੇ ਦੇ ਤੇ ਥੈਲਾ ਰੁਪਿਆਂ ਦਾ ਲੈ ਲੈ।"
ਝਿਊਰ ਤਾਂ ਮੰਨ ਗਿਆ ਪਰ ਝਿਊਰੀ ਨਾ ਮੰਨੀ। ਇੱਕ ਦਿਨ ਝਿਊਰੀ ਸੁੱਤੀ ਪਈ ਸੀ ਤੇ ਮੁੰਡਾ ਉਸ ਨਾਲ ਪਾਇਆ ਹੋਇਆ ਸੀ। ਝਿਊਰ ਨੇ ਮੁੰਡਾ ਲੱਖੀ ਨੂੰ ਫੜਾ ਦਿੱਤਾ ਤੇ ਥੈਲਾ ਰੁਪਿਆਂ ਦਾ ਲੈ ਲਿਆ। ਲੱਖੀ ਨੇ ਮੁੰਡੇ ਨੂੰ ਲੱਕੜੀ ਦੀ ਸੰਦੂਕੜੀ ਵਿੱਚ ਬੰਦ ਕਰ ਕੇ ਦਰਿਆ ਵਿੱਚ ਰੋੜ੍ਹ ਦਿੱਤਾ। ਮੁੰਡਾ ਰੁੜ੍ਹਦਾ-ਰੁੜ੍ਹਦਾ ਕਿਸੇ ਪਿੰਡ ਚਲਿਆ ਗਿਆ। ਦਰਿਆਂ ਦੇ ਕੰਢੇ ਇੱਕ ਬੁੜ੍ਹੀ ਕਪੜੇ ਧੋਂਦੀ ਸੀ। ਬੁੜ੍ਹੀ ਨੇ ਉਹ ਸੰਦੂਕੜੀ ਫੜ ਲਈ। ਉਹਨੇ ਸੰਦੂਕੜੀ ਖੋਹਲੀ ਵਿਚੋਂ ਮੁੰਡਾ ਨਿਕਲ ਆਇਆ। ਮੁੰਡੇ ਨੂੰ ਦੇਖ ਉਹ ਬਹੁਤ ਖ਼ੁਸ਼ ਹੋਈ। ਬੁੜ੍ਹੀ ਦੇ ਉਲਾਦ ਨਾ ਸੀ। ਬੁੜ੍ਹੀ ਮੁੰਡੇ ਨੂੰ ਆਪਣੇ ਘਰ ਨੂੰ ਲੈ ਗਈ। ਮੁੰਡਾ ਉਹਨੇ ਪਾਲ ਲਿਆ। ਸਮਾਂ ਪਾ ਕੇ ਉਹ ਚੌਦਾਂ ਪੰਦਰਾਂ ਸਾਲਾਂ ਦਾ ਹੋ ਗਿਆ।
ਲੱਖੀ ਵਣਜਾਰਾ ਚੂੜੀਆਂ ਵੇਚਦਾ ਫਿਰਦਾ ਸੀ। ਇੱਕ ਦਿਨ ਲੱਖੀ ਓਸੇ ਬੁੜ੍ਹੀ ਦੇ ਘਰ ਚਲਿਆ ਗਿਆ। ਉਹ ਬੁੜੀ ਦੇ ਘਰ ਜਾ ਕੇ ਬਹਿ ਗਿਆ। ਉਹ ਗੱਲਾਂ ਕਰਨ ਲੱਗ ਗੇ। ਬੜ੍ਹੀ ਕਹਿੰਦੀ, “ਭਾਈ ਮੇਰੇ ਉਲਾਦ ਨਾ ਸੋ, ਦਰਿਆ 'ਚੋਂ ਇੱਕ ਸੰਦੂਕੜੀ ਚੋਂ ਇੱਕ ਮੁੰਡਾ ਲੱਭਿਆ ਤੇ ਫਿਰ ਇਸ ਨੂੰ ਮੈਂ ਪਾਲ ਲਿਆ।"
ਲੱਖੀ ਨੇ ਆਪਣੇ ਮਨ ਵਿੱਚ ਕਿਹਾ ਇਹ ਤਾਂ ਉਹੀ ਮੁੰਡੈ ਜਿਹੜਾ ਮੈਂ ਦਰਿਆ ਵਿੱਚ ਰੋੜਿਆ ਸੀ। ਕਹਿੰਦਾ, “ਮਾਈ ਏਸ ਮੁੰਡੇ ਨੂੰ ਮੇਰੇ ਕੋਲ ਨੌਕਰ ਕਰਾ ਦੇ।”
ਬੁੜ੍ਹੀ ਕਹਿੰਦੀ, “ਚੰਗਾ।"
ਲੱਖੀ ਮੁੰਡੇ ਨੂੰ ਨਾਲ ਲੈ ਕੇ ਆਪਣੀ ਝੁੱਗੀ ਵਿੱਚ ਆ ਗਿਆ। ਇੱਕ ਦਿਨ ਲੱਖੀ ਨੇ ਮੁੰਡੇ ਨੂੰ ਕਿਸੇ ਪਿੰਡ ਨੂੰ ਚਿੱਠੀ ਦੇ ਕੇ ਤੋਰ ਦਿੱਤਾ। ਮੁੰਡਾ ਪੜ੍ਹਿਆ ਹੋਇਆ ਨਹੀਂ ਸੀ। ਉਹ ਨੇ ਮੁੰਡੇ ਨਾਲ ਇੱਕ ਹੋਰ ਆਦਮੀ ਤੋਰ ਦਿੱਤਾ। ਚਿੱਠੀ ਵਿੱਚ ਲਿਖਿਆ ਸੀ ਕਿ ਇਸ ਨੂੰ ਮਾਰ ਦਿਓ।

66