ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਠੱਗਾਂ ਨਾਲ ਠੱਗੀ


ਇੱਕ ਸੀ ਠੱਗ ਤੇ ਇੱਕ ਸੀ ਉਹਦੀ ਮਾਂ। ਉਹਨਾਂ ਦਾ ਇੱਕ ਮੁੰਡਾ ਸੀ। ਠੱਗ ਮਰ ਗਿਆ। ਕੁਝ ਦਿਨਾਂ ਮਗਰੋਂ ਮੁੰਡਾ ਬੜੀ ਨੂੰ ਕਹਿੰਦਾ, “ਮਾਂ ਬਾਈ ਕੀ ਕਰਦਾ ਹੁੰਦਾ ਸੀ।"
ਬੁੜੀ ਕਹਿੰਦੀ, “ਹਲ ਵਾਹੁੰਦਿਆਂ ਅਤੇ ਖੁਹ ਖਾਹ ਚਲਾਉਂਦੇ ਲੋਕਾਂ ਦੀਆਂ ਜੁੱਤੀਆਂ ਚੱਕ ਲੈਂਦਾ ਸੀ।"
ਮੁੰਡਾ ਵੀ ਉਸੇ ਤਰ੍ਹਾਂ ਜੁੱਤੀਆਂ ਚੁੱਕ ਲਿਆਇਆ ਕਰੇ ਤੇ ਵੇਚ ਦਿਆ ਕਰੇ। ਇਸ ਤਰ੍ਹਾਂ ਉਹ ਖਾਸਾ ਚਿਰ ਆਪਣਾ ਗੁਜ਼ਾਰਾ ਤੋਰਦੇ ਰਹੇ। ਇੱਕ ਦਿਨ ਉਹ ਬਾਹਰੋਂ ਦੋ ਸਾਹੇ ਫੜ ਲਿਆਇਆ। ਇੱਕ ਸਾਹੇ ਨੂੰ ਉਹਨੇ ਘਰ ਬੰਨ ਦਿੱਤਾ ਤੇ ਦੂਜੇ ਨੂੰ ਆਪਣੇ ਕੋਲ ਲੈ ਲਿਆ ਤੇ ਜਾਂਦਾ ਹੋਇਆ ਬੁੜੀ ਨੂੰ ਕਹਿ ਗਿਆ, “ਕਣਕ ਦੀਆਂ ਰੋਟੀਆਂ, ਮਾਹਾਂ ਦੀ ਦਾਲ, ਰੋਟੀਆਂ ਦੋਹਾਂ ਪਾਸਿਆਂ ਤੋਂ ਚੋਪੜੀਆਂ ਹੋਣ।" ਉਹ ਆਪਣੇ ਨਾਲ ਇੱਕ ਪਾਣੀ ਦਾ ਘੜਾ ਅਤੇ ਹੁੱਕਾ ਵੀ ਲੈ ਗਿਆ ਤੇ ਪਿੰਡ ਤੋਂ ਖਾਸੀ ਦੂਰ ਜਾ ਕੇ, ਇੱਕ ਪਹੇ ਤੇ ਬਹਿ ਗਿਆ। ਕੁਝ ਸਮੇਂ ਮਗਰੋਂ ਓਧਰੋਂ ਚਾਰ ਠੱਗ ਆਏ। ਓਸ ਨੇ ਉਹਨਾਂ ਨੂੰ ਹੁੱਕਾ ਪਲਾਇਆ, ਮਿੱਠਾ ਪਾਣੀ ਪਲਾਇਆ। ਸਾਹੇ ਨੂੰ ਕਹਿੰਦਾ, “ਜਾ ਵੀਰਾ ਮਾਂ ਨੂੰ ਕਹਿੰਦੇ ਆਉਂਦਿਆਂ ਨੂੰ ਕਣਕ ਦੀਆਂ ਰੋਟੀਆਂ ਤੇ ਮਾਹਾਂ ਦੀ ਦਾਲ ਤਿਆਰ ਹੋਣ।"
ਸਾਹਾ ਟਪੂਸੀਆਂ ਮਾਰਦਾ ਹੋਇਆ ਅੱਖਾਂ ਤੋਂ ਉਹਲੇ ਹੋ ਗਿਆ ਤੇ ਕਿਤੇ ਰਸਤੇ ਵਿੱਚ ਈ ਲੁਕ ਗਿਆ।
ਮੁੰਡਾ ਕਹਿੰਦਾ, “ਚਲੋ ਬਈ ਆਪਾਂ ਘਰ ਨੂੰ ਚੱਲੀਏ।”
ਜਦ ਘਰ ਆਏ ਤਾਂ ਉਹਨਾਂ ਦੇ ਆਉਂਦਿਆਂ ਨੂੰ ਬੁੜੀ ਰੋਟੀਆਂ ਪਕਾਈ ਤਿਆਰ ਬੈਠੀ ਸੀ। ਸਾਹਾ ਕੀਲੇ ਨਾਲ ਬੰਨਿਆ ਹੋਇਆ ਖੜਾ ਸੀ।ਉਹਨਾਂ ਨੇ ਰੋਟੀ ਖਾਧੀ। ਰੋਟੀ ਖਾ ਕੇ ਕਹਿੰਦੈ, “ਏਸ ਸਾਹੇ ਦਾ ਮੁੱਲ ਕਰੋ।"
ਮੁੰਡੇ ਨੇ ਕਿਹਾ, “ਮੈਂ ਤਾਂ ਚਾਰ ਹਜ਼ਾਰ ਲੈਣੈ।”
ਠੱਗਾਂ ਨੇ ਚਾਰ ਹਜ਼ਾਰ ਦੇ ਦਿੱਤਾ ਤੇ ਸਾਹੇ ਨੂੰ ਲੈ ਗਏ।
ਚਾਰੇ ਠੱਗ ਇੱਕ ਖੂਹ ਉਪਰ ਨਹਾਉਣ ਲੱਗ ਪਏ। ਘਰ ਉਹਨਾਂ ਦਾ ਨਜ਼ਦੀਕ ਹੀ ਸੀ। ਉਹਨਾਂ ਸਾਹੇ ਨੂੰ ਕਿਹਾ, “ਘਰ ਜਾ ਕੇ ਕਹਿੰਦੇ ਬਈ ਰੋਟੀਆਂ ਪਕਾ ਦੇਣ।"
ਜਦ ਘਰ ਆਏ ਰੋਟੀ ਪੱਕੀ ਨਾ ਹੋਈ। ਕਹਿੰਦੇ, “ਰੋਟੀ ਨੀ ਪਕਾਈ।"
ਉਹਨਾਂ ਦੀਆਂ ਵਹੁਟੀਆਂ ਕਹਿੰਦੀਆਂ, “ਸਾਨੂੰ ਕੀ ਪਤਾ ਸੀ ਤੁਸੀਂ ਆ ਗਏ ਓ।"
“ਸੁਨੇਹਾ ਘੱਲਿਆ ਸੀ ਸਾਹੇ ਕੋਲ।"
"ਹੋਤ ! ਸਾਹੋ ਵੀ ਸੁਨੇਹੇ ਲਿਆ ਸਕਦੇ ਨੇ।” ਬੜੇ ਠੱਗ ਦੀ ਵਹੁਟੀ ਕਹਿੰਦੀ।

74