ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਜਦੋਂ ਡੈਣ ਨੇ ਓਹੀ ਦੋ ਟਕੀਆ ਦੇਖਿਆ ਤਾਂ ਡਰ ਕੇ ਭੱਜ ਗਈ। ਦੋ ਟਕੀਆ ਪਿੱਛਾ ਕਰਦਾ ਮੀਲ ਦੋ ਮੀਲ ਗਿਆ ਫੇਰ ਮੁੜ ਆਇਆ। ਫੇਰ ਉਹਨੇ ਵਾਪਸ ਆਕੇ ਨੌਜਵਾਨ ਨੂੰ ਜਿਵੇਂ ਡੈਣ ਨੇ ਕੀਤਾ ਸੀ ਤਿਵੇਂ ਹੀ ਕੀਤਾ ਤਾਂ ਮੁੰਡਾ ਫਿਰ ਉਠ ਬੈਠਾ ਹੋਇਆ ਤਾਂ ਜਿਵੇਂ ਡੈਣ ਨੇ ਮਾਰਿਆ ਸੀ ਉਵੇਂ ਹੀ ਮਾਰ ਦਿੱਤਾ। ਇੰਨੇ ਨੂੰ ਦਿਨ ਚੜ ਆਇਆ। ਪਿੰਡ ਦੇ ਲੋਕ ਕੱਠੇ ਹੋਗੇ। ਉਹ ਪੰਡਤ ਵੀ ਆ ਗਏ। ਮੁੰਡੇ ਦਾ ਬਾਪ ਵੀ ਆ ਗਿਆ ਤਦ ਮੁੰਡਾ ਉਵੇਂ ਈ ਪਿਆ ਸੀ। ਦੋ ਟਕੀਆ ਰਾਖੀ ਬੈਠਾ ਸੀ। ਇਸ ਤੋਂ ਸ਼ਾਹੂਕਾਰ ਨੇ ਪੰਡਤਾਂ ਨੂੰ ਪੁੱਛਿਆ, "ਇਹ ਤਾਂ ਜਿਉਂਦਾ ਨੀ ਹੋਇਆ। ਪੰਡਤ ਵਿਚਾਰੇ ਚੁੱਪ। ਏਨੇ ਨੂੰ ਦੇ ਕੀਏ ਨੇ ਆਖ ਦਿੱਤਾ, "ਮੈਂ ਇਸ ਨੂੰ ਜਿਊਂਦਾ ਕਰ ਸਕਦਾ ਹਾਂ।"
ਸ਼ਾਹੂਕਾਰ ਕਹਿੰਦਾ, "ਮੈਂ ਤੈਨੂੰ ਬਹੁਤ ਕੁਝ ਦੇਵਾਂਗਾ ਜੇ ਤੂੰ ਮੇਰੇ ਇਕਲੌਤੇ ਪੁੱਤ ਨੂੰ ਜਿਉਂਦਾ ਕਰ ਦਮੇਂ।"
ਦੋ ਟਕੀਏ ਨੇ ਪਹਿਲਾਂ ਬਹੁਤ ਦੂਜੇ ਟੂਣੇ ਟਾਮਣ ਕਰਾਏ ਫੇਰ ਦੋ ਘੰਟੇ ਮਗਰੋਂ ਉਸ ਨੇ ਜਿਉਂਦਾ ਕਰ ਦਿੱਤਾ। ਸ਼ਾਹੂਕਾਰ ਖ਼ੁਸ਼ੀ-ਖੁਸ਼ੀ ਟੋ ਟਕੀਏ ਅਤੇ ਪੁੱਤਰ ਸਮੇਤ ਘਰ ਪੁੱਜਾ। ਦੋ ਟਕੀਏ ਨੂੰ ਆਪਣੀ ਧੀ ਦਾ ਡੋਲਾ ਦੇ ਦਿੱਤਾ। ਵਿਆਹ ਤੋਂ ਮਗਰੋਂ ਦੋ ਟਕੀਏ ਨੇ ਆਪਣੀ ਘਰਵਾਲੀ ਨੂੰ ਰੁਮਾਲ ਦਾ ਕਪੜਾ ਦਿਖਾ ਕੇ ਪੁੱਛਿਆ ਤਾਂ ਉਹਦੀ ਘਰਵਾਲੀ ਨੇ ਕਿਹਾ, "ਇਹੋ ਜਿਹਾ ਕਪੜਾ ਤਾਂ ਮੇਰੇ ਦਾਦੇ ਨੇ ਵੀ ਨਹੀਂ ਦੇਖਿਆ ਹੋਣਾ-ਮੈਂ ਤਾਂ ਕੀ ਦੇਖਣਾ ਸੀ।’’
ਇਹ ਸੁਣ ਕੇ ਦੋ ਟਕੀਏ ਨੇ ਆਪਣੀ ਘਰਵਾਲੀ ਨੂੰ ਕਿਹਾ,"ਜਿੰਦਾ ਰਿਹਾ ਤਾਂ ਫੇਰ ਮਿਊਂਗਾ।" ਇਹ ਆਖ ਕੇ ਉਹ ਜੰਗਲ ਬੀਆਬਾਨ ਵਲ ਨੂੰ ਚਲਿਆ ਗਿਆ। ਰੋਹੀ ਵਿੱਚ ਉਸ ਨੂੰ ਰਾਤ ਪੈਗੀ। ਰਾਤ ਬਹੁਤ ਕੱਕਰੀ ਸੀ। ਉਹ ਇੱਕ ਬੋਹੜ ਹੇਠਾਂ ਬੈਠ ਗਿਆ ਅਤੇ ਘੋੜਾ ਵੀ ਬੰਨ੍ਹ ਦਿੱਤਾ। ਬੋਹੜ ਉਤੇ ਦੋ ਜਾਨਵਰ ਬੈਠੇ ਸੀ-ਇਕ ਚਕਵਾ ਤੇ ਚਕਵੀ। ਚਕਵਾ ਚਕਵੀ ਨੂੰ ਆਖਣ ਲੱਗਾ, "ਕੋਈ ਗੱਲ ਸੁਣਾ।"
ਚਕਵੀ ਕਹਿੰਦੀ, "ਆਪ ਬੀਤੀ, ਜੱਗ ਬੀਤੀ ਜਾਂ ਕੋਈ ਨੁਸਖਾ।"
ਚਕਵਾ ਕਹਿੰਦਾ, "ਕੋਈ ਨੁਸਖਾ ਦੱਸ।"
ਚਕਵੀ ਬੋਲੀ,"ਜੇ ਕੋਈ ਆਦਮੀ ਸੁਣਦਾ ਹੋਵੇ ਤਾਂ ਮੇਰੀ ਬਿੱਠ ਚੁੱਕ ਲਵੇ। ਜੇਕਰ ਕੋਈ ਆਦਮੀ ਅੰਨਾ ਹੋਵੇ ਤਾਂ ਮੇਰੀ ਬਿਠ ਨੂੰ ਲਬ ਨਾਲ ਘਸਾ ਕੇ ਅੱਖ ਵਿੱਚ ਪਾ ਲਵੇ ਉਹਦੀਆਂ ਅੱਖਾਂ ਐਨ ਠੀਕ ਹੋ ਜਾਣਗੀਆਂ। ਲੈ ਮੈਂ ਹੁਣ ਬਿੱਠ ਕਰਨ ਲੱਗੀ ਆਂ।"
ਜਦੋਂ ਬਿਠ ਗਿਰਨ ਦਾ ਖੜਕਾ ਹੋਇਆ ਤਾਂ ਦੋ ਟਕੀਏ ਨੇ ਉਸ ਦੀ ਬਿਠ ਚੁੱਕ ਕੇ ਰੁਮਾਲ ਦੇ ਲੜ ਬੰਨ੍ਹ ਲਈ। ਫੇਰ ਚਕਵੇ ਨੇ ਆਖਿਆ, "ਮੇਰੀ ਬਿੱਠ ਤੇਰੀ ਬਿੱਠ ਨਾਲੋਂ ਘੱਟ ਕੀਮਤ ਨਹੀਂ ਰੱਖਦੀ ਜੇ ਕੋਈ ਆਦਮੀ ਸੁਣਦਾ ਹੈ ਉਹ ਮੇਰੀ ਬਿੱਠ ਚੁੱਕ ਲਵੇ-ਜੇ ਕਿਸੇ ਆਦਮੀ ਨੂੰ ਗਠੀਏ ਦੀ ਬਿਮਾਰੀ ਹੋਵੇ ਤਾਂ ਮੇਰੀ ਬਿਠ ਨੂੰ ਉਬਲਦੇ ਪਾਣੀ ਦੇ ਕੜਾਹੇ ਵਿੱਚ ਸੁੱਟ ਦੇਵੇ। ਜਦੋਂ ਮੇਰੀ ਬਿੱਠ ਐਨ ਘੁਲ ਜਾਵੇ ਤਾਂ ਪਾਣੀ ਠੰਡਾ ਹੋਣ ਦਿਓ ਫੇਰ ਗਠੀਏ ਵਾਲੇ ਨੂੰ ਏਸ ਪਾਣੀ ਵਿੱਚ ਨਹਾ ਦਿਓ। ਇਸ ਤਰ੍ਹਾਂ ਕਰਨ ਨਾਲ ਗਠੀਆ ਹਟ ਜਾਊਗਾ। ਲੈ ਹੁਣ ਮੈਂ ਬਿੱਠ ਕਰਦਾਂ ਜੇ ਕੋਈ ਸੁਣਦਾ ਹੈ ਤਾਂ ਚੁੱਕ ਲਵੇ।" ਜਦੋਂ ਧਰਤੀ ਉੱਤੇ ਖੜਕਾ ਹੋਇਆ ਤਾਂ ਦੋ ਟਕੀਏ ਨੇ ਬਿੱਠ ਚੁੱਕ ਲਈ ਤੇ ਰੁਮਾਲ ਵਿੱਚ ਬੰਨ ਲਈ। ਐਨੇ ਵਿੱਚ ਦਿਨ ਚੜ੍ਹ ਗਿਆ। ਦੋ ਟਕੀਆ ਆਪਣਾ ਘੋੜਾ ਫੜਕੇ ਅੱਗੇ ਨੂੰ ਤੁਰ ਪਿਆ।

86