ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਨੀਆਂ ਵਿਚ ਜਿਸ ਦੇ ਮਗਰ ਪਵੋ ਉਹ ਸਗੋਂ ਭਾਰਾਂ ਤੇ ਪੈਂਦਾ ਹੈ
ਤੇ ਜਿਸ ਦੀ ਨਾ ਪਰਵਾਹ ਕਰੋ ਓਹ ਖੁਦ ਪੱਲਾ ਫੜ ਲੈਂਦਾ ਹੈ
ਮੰਗਿਆਂ ਤਾਂ ਮੌਤ ਭੀ ਮਿਲਦੀ ਨਾ, ਮੂੰਹ ਟਡਿਆਂ ਪੈਂਦੀ ਮੱਖੀ ਨਾ
ਹੈ ਮੌਤੋਂ ਬੁਰੀ ਉਡੀਕ ਬਣੀ, ਬਚ ਸਕੇ ਕਰੋੜੀ-ਕੱਖੀ ਨਾ
ਹੈ ਗਾਲਿਬ ਕਹਿੰਦਾ, 'ਪਤਾ ਨਹੀਂ ਕਿਉਂ ਆਂਸੂ ਨੈਣੀ ਭਰੇ ਕੋਈ?
'ਜੇ ਤਜੇ ਉਡੀਕ ਤਵੱਕੋ ਤਾਂ ਕਿਉਂ ਗਿਲਾ ਕਿਸੇ ਦਾ ਕਰੇ ਕੋਈ?'
ਭਗਵਾਨ ਕ੍ਰਿਸ਼ਨ ਫ਼ਰਮਾਂਦੇ ਨੇ, 'ਤਜ ਫਲ ਦੀ ਆਸ਼ਾ ਕਰਮ ਕਰੋ
'ਫਲ ਦੇਣਾ ਵਸ ਹੈ ਦਾਤੇ ਦੇ ਕਿਉਂ ਤੁਸੀਂ ਉਡੀਕਾਂ ਵਿਚ ਮਰੋ ?'
ਮਤਲਬ ਕੀ ? ਗਿਲੇ,ਸ਼ਿਕੈਤਾਂ ਤੇ ਸ਼ਿਕਵੇ, ਦੁਖ ਕਸ਼ਟ ਨਿਰਾਸਾਂ ਦੇ
ਸਭ ਸਿੱਟੇ ਹੈਨ ਉਡੀਕਾਂ ਦੇ, ਸਭ ਹੈਨ ਨਤੀਜੇ ਆਸਾਂ ਦੇ
ਜੇ ਬਚਣਾ ਚਾਹੋ ਫਿਕਰਾਂ ਤੋਂ, ਤੇ ਗ਼ਮਾਂ, ਹੌਕਿਆਂ ਚੀਕਾਂ ਤੋਂ,
ਤਾਂ ਸੁਣੋ ਨਾ ਸਿਫਤ ਉਡੀਕਾਂ ਦੀ ਬਲਕਿ ਰਹੁ ਦੂਰ ਉਡੀਕਾਂ ਤੋਂ

ਜਿਧਰ ਬਹੁਤੇ ਓਧਰ ਹਮ

ਥੋੜੇ ਹਨ ਓਹ ਲੋਕ ਜੋ ਜਗ ਤੇ ਸ਼ਾਹ-ਬਾਦਸ਼ਾਹ ਬਣਦੇ ਨੇ
ਥੋੜੇ ਹਨ ਜੋ ਫਤ੍ਹੇਯਾਬੀਆਂ, ਵਿਖਲਾਂਦੇ ਵਿਚ ਰਣ ਦੇ ਨੇ
ਬੜੇ ਹਨ ਜੋ ਕ੍ਰੋੜਪਤੀ ਬਣ ਮੌਜਾਂ ਮੇਲੇ ਕਰਨ ਸਦਾ
ਥੋੜੇ ਹਨ ਜੋ ਬਣ ਸੌਦਾਗਰ ਦੌਲਤ-ਖੀਸੇ ਭਰਨ ਸਦਾ
ਥੋੜੇ ਹਨ ਜੋ ਦੁਨੀਆਂ ਅੰਦਰ ਮਜ਼ਾ ਲੈਣ ਮਸ਼ਹੂਰੀ ਦਾ
ਥੋੜੇ ਹਨ ਜੋ ਲੈਂਦੇ ਦਿਸਣ ਸੁਖ-ਅਰੋਗਤਾ ਪੂਰੀ ਦਾ
ਥੋੜੇ ਹਨ ਜੋ ਸਾਇੰਸ ਪੜ੍ਹ ਕੇ ਕਾਢਾਂ ਨਵੀਆਂ ਕਢਦੇ ਨੇ
ਥੋੜੇ ਹਨ ਜੋ ਸਾਗਰ ਚੀਰਨ ਤੇ ਪਰਬਤ ਨੂੰ ਵਢਦੇ ਨੇ
ਥੋੜੇ ਹਨ ਜੋ ਅਗੇ ਵਧ ਕੇ ਲੀਡਰ ਬਣਦੇ ਲੋਕਾਂ ਦੇ
ਥੋੜੇ ਹਨ ਹਰ ਫ਼ਨ ਦੇ ਮੌਲਾ, ਕਾਰੀਗਰ ਸਭ ਥੋਕਾਂ ਦੇ
ਥੋੜੇ ਹਨ ਜੋ ਚਿੱਤ੍ਰਕਾਰ ਬਣ ਬੁਰਸ਼ ਨਾਲ ਜਗ ਮੋਂਹਦੇ ਨੇ
ਥੋੜੇ ਹਨ ਜੋ ਮਹਾਂ ਕਵੀ ਬਣ ਕਲਮ ਨਾਲ ਜਗ ਕੋਂਹਦੇ ਨੇ
ਥੋੜੇ ਹਨ ਜੋ ਇਸ਼ਕ ਕਮਾ ਕੇ ਸਫਲ ਮਨੋਰਥ ਹੋ ਜਾਂਦੇ

-੯੩-