ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਨਦਾ ਹਾਂ, ਤੇ ਇਹ ਕਹਿਣੋਂ ਭੀ ਨਾ ਸੰਗਦਾ ਕਿ ਉਸੇ ਸੁਥਰੇ ਦੀ ਆਤਮਾ ਨੇ ਸੰਨ ੧੯੨੭ ਵਿਚ ਨਵਾਂ ਜਾਮਾ ਧਾਰਣ ਕੀਤਾ ਹੈ, ਪਰ ਇਕ ਗਲ ਦੀ ਸਮਝ ਨਹੀਂ ਆ ਸਕੀ ਕਿ ਤਿੰਨ ਸਵਾ ਤਿੰਨ ਸੌ ਵਰ੍ਹਾ ਉਹ ਆਤਮਾ ਨਿਚੱਲੀ ਕਿਸ ਤਰਾਂ ਬੈਠੀ ਰਹੀ? ਬ-ਹਰ ਹਾਲ ਕੁਝ ਭੀ ਹੋਵੇ, ਉਸ ਸੁਥਰੇ ਤੇ ਇਸ ਸੁਥਰੇ ਵਿਚ ਕੁਝ ਨਾ ਕੁਝ ਸੰਬੰਧ ਜ਼ਰੂਰ ਹੈ, ਸਗੋਂ ਇਉਂ ਸਮਝੋ ਕਿ ਕਈ ਗੱਲਾਂ ਵਿਚ ਇਹ ਮਹਾਂ ਕਵੀ 'ਸੁਥਰਾ' ਖ਼ਾਸ ਵਿਲੱਖਣਤਾ ਰਖਦਾ ਹੈ । ਉਹ ਆਪਣੀਆਂ ਸਾਰੀਆਂ ਗੱਲਾਂ, ਜਿਸ ਤਰ੍ਹਾਂ ਚੁਭਵੀਆਂ ਕੌੜੀਆਂ ਹੁੰਦੀਆਂ ਸਨ ਉਸੇ ਤਰਾਂ ਕਹਿ ਦੇਂਦਾ ਸੀ, ਪਰ ਇਹ ਮਹਾਂ ਕਵੀ ਆਪਣੇ ਕੌੜੇ ਤੋਂ ਕੌੜੇ ਉਪਦੇਸ਼ਾਂ ਨੂੰ ਭੀ ਸ਼ਹਿਦ ਦੇ ਘੁੁੱਟ ਬਣਾ ਕੇ ਪੇਸ਼ ਕਰਦਾ ਹੈ । ਮੈਨੂੰ ਇਹ ਯਕੀਨ ਕਰਨ ਵਿਚ ਜ਼ਰਾ ਭੀ ਸ਼ਕ ਨਹੀਂ ਕਿ ਸਾਡੇ ਸਮਕਾਲੀ ਮਹਾਂ ਕਵੀ ਨੇ ਆਪਣਾ ਨਾਮ ਰਖਣ ਲਗਿਆਂ ਜ਼ਰੂਰ ਉਸੇ ਪਿਆਰੇ ਗੁਰਮੁਖ ਭਗਤ 'ਸੁਥਰੇ' ਦਾ ਆਵਾਹਨ ਕੀਤਾ ਹੋਵੇਗਾ, ਜਿਸ ਦੀ ਜ਼ਿੰਦਾ ਦਿਲੀ ਨਾਲ ਸਤਾਰਵੀਂ ਸਦੀ ਰੌਸ਼ਨ ਹੋ ਚੁਕੀ ਸੀ।

ਉਸ ਗੁਰਮੁਖ ਸੁਥਰੇ ਦੀ ਚਿੜੀ ਵਾਲੀ ਕਹਾਣੀ ਤਾਂ ਲਗ ਪਗ ਸਾਰੇ ਪੰਜਾਬੀਆਂ ਨੂੰ ਅਜੇ ਤਕ ਯਾਦ ਹੈ, ਜਿਸ ਦੇ ਜਵਾਬ ਵਿਚ ਛੇਵੇਂ ਗੁਰੂ ਜੀ ਨੇ ਹੱਸ ਕੇ ਫ਼ਰਮਾਇਆ, 'ਸੁਥਰਿਆਂ ਤੇਰੀਆਂ ਤੂੰਹੇਂ ਜਾਣੇੇਂ।' ਸਾਡੇ ਸਮਕਾਲੀ ਮਹਾਂ ਕਵੀ ਸਾਹਿਬ ਭੀ ਕਾਵ੍ਯ ਮੈਦਾਨ ਵਿਚ ਸਚ ਮੁਚ 'ਤੇਰੀਆਂ ਤੂੰਹੇਂ ਜਾਣੇੇਂ' ਅਖਵਾਉਣ ਦੇ ਹਕਦਾਰ ਹਨ । ਆਪ ਰਾਤ ਨੂੰ ਦਿਨ ਯਾ ਦਿਨ ਨੂੰ ਰਾਤ ਸਿਧ ਕਰਨਾ ਚਾਹੁਣ ਤਾਂ ਇਕ ਬੇ ਖ਼ਤਾ ਨਿਸ਼ਾਨਚੀ ਵਾਂਗ ਅਪਣੀ ਵਾਕ-ਸ਼ਕਤੀ ਨਾਲ ਉਹ ਕੁਝ ਸਾਬਤ ਕਰ ਸਕਦੇ ਹਨ । ਆਪ ਦੀ ਲੇਖਨੀ ਵਿਚ ਐਨਾ ਜ਼ਬਰਦਸਤ ਯੁਕਤੀ-ਬਲ ਹੈ ਕਿ ਕੋਈ ਤਾਕਤ ਉਸ ਦਾ ਲੋਹਾ ਮੰਨਣੋਂ ਨਾਂਹ ਨਹੀਂ ਕਰ ਸਕਦੀ । ਮੈਂ ਕੱਲਾ ਨਹੀਂ ਸਗੋਂ 'ਮੌਜੀ' ਦੇ ਹਜ਼ਾਰਹਾ ਪਾਠਕ ਇਸ ਤੋਂ ਜਾਣੂ ਹਨ ਕਿ ਹਰ ਹਫ਼ਤੇ ਨਵੇਂ ਤੋਂ ਨਵੇਂ ਖ਼ਿਆਲ, ਨਵੇਂ ਤੋਂ ਨਵਾਂ ਫਲਾਸਫ਼ਾ, ਤੇ ਨਵੇਂ ਤੋਂ ਨਵਾਂ ਨ੍ਯਾਇ ਇਸ ਦਲੀਲ ਦੇ ਮਾਲਕ ਦੀ ਕਲਮ ਵਿਚੋਂ ਨਿਕਲ ਕੇ ਦੁਨੀਆਂ ਨੂੰ ਮੁਗਧ ਕਰਦਾ ਰਹਿੰਦਾ ਹੈ।

ਸਭ ਤੋਂ ਵੱਡੀ ਗੱਲ ਜੋ ਸਾਡੇ ਮਹਾਂ ਕਵੀ ਜੀ ਨੂੰ ਹੋਰ ਸਾਰੇ ਸਮਕਾਲੀ ਮਹਾਂ ਕਵੀਆਂ ਤੋਂ ਮੁਮਤਾਜ਼ ਬਣਾਉਂਦੀ ਹੈ, ਆਪ ਦੀ ਜ਼ਿੰਦਾ ਦਿਲੀ