ਪੰਨਾ:ਬਿਜੈ ਸਿੰਘ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਕਾਂ ਨਿਕਲ ਗਈਆਂ, ਹਾਇ ਹਾਇ ਨਾਲ ਕਮਰਾ ਗੂੰਜ ਉਠਿਆ, ਨੇਤ੍ਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ, ਸਾਰੇ ਘਰ ਵਿਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਬੀ ਨਾ ਰੁਕ ਸਕੀਆਂ, ਉਹ ਬੀ ਫੁਹਾਰਿਆਂ ਵਾਂਗ ਫੁੱਟ ਫੁੱਟ ਕੇ ਰੋਈਆਂ।

ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫੇਰ ਕੁਝ ਸੋਚ ਕੇ ਉਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ-ਦੀਵਾਨ ਸਾਹਿਬ ਜ਼ਰਾ ਹੋਸ਼ ਕਰੋ, ਇਸ ਤਰ੍ਹਾਂ ਬੇਵਸ ਹੋਇਆਂ ਭਾਰੀ ਕਲੇਸ਼ ਨਿਕਲੇਗਾ; ਬਾਹਰ ਰੌਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖ਼ਬਰ ਹੋ ਜਾਊ, ਫੇਰ ਤੁਸੀਂ ਜਾਣਦੇ ਹੋ ਕਿ ਘਾਣ ਬਚਾ ਪੀੜਿਆ ਜਾਣ ਦਾ ਡਰ ਹੈ। ਹੁਣ ਤਾਂ ਬਾਨ੍ਹਣੂ ਬੰਨ੍ਹਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ। ਇਹ ਸੁਣ ਕੇ ਚੁੱਪ ਹੋ ਗਏ ਗੋਲੀਆਂ ਕਿਸੇ ਬਹਾਨੇ ਬਾਹਰ ਘੱਲੀਆਂ ਤੇ ਸਲਾਹ ਲੱਗੀ ਹੋਣ।

ਦੀਵਾਨ-ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪੱਦਰ ਹੋਇਆ ਕੀਕੂੰ?

ਮਿਸਰ-ਜੀ ਹੋਣਾ ਕਿਕੁਰ ਸੀ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਵੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੋ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ? ਮੈਂ ਤੁਸਾਂ ਨੂੰ ਓਦੋਂ ਬੀ ਹੋੜਦਾ ਸੀ,ਪਰ ਤੁਸੀਂ ਕਿਹਾ ਵੱਡਾ ਹੋਕੇਆਪੇ ਸਮਝ ਜਾਏਗਾ*।

ਦੀਵਾਨ-ਹੁਣ ਕੀ ਕਰੀਏ ਵਖਤ ਵਿਹਾਣੇ ਨੂੰ? ਹਾਇ ਪੁੱਤ੍ਰ! ਤੈਂ ਕੀ ਕੀਤਾ?

ਮਿਸਰ-ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ


*ਉਸ ਸਮੇਂ ਆਮ ਹਿੰਦੂ ਜਨਤਾ ਵਿਚ ਸਿੱਖਾ ਨਾਲ ਕੋਈ ਉਝ ਨਫ਼ਰਤ ਨਹੀਂ ਸੀ। ਸਿੱਖਾਂ ਪਰ ਮੁਗ਼ਲ ਸਰਕਾਰ ਦਾ ਕਹਿਰ ਹੁੰਦਾ ਸੀ ਤੇ ਨਾਲ ਸਾਕਾਂ ਨੂੰ ਖੇਦ ਮਿਲਦਾ ਸੀ, ਇਸ ਕਰ ਕੇ ਲੋਕੀਂ ਸਿੱਖ ਹੋਣ ਨੂੰ ਆਪਣੇ ਲਈ ਮੁਸੀਬਤਾਂ ਦਾ ਸਿਰ ਆ ਜਾਣਾ ਸਮਝ ਕੇ ਕਸ਼ਟ ਮੰਨਦੇ ਸਨ।

-੪-