ਪੰਨਾ:ਬਿਜੈ ਸਿੰਘ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿਚ ਲੁਕੇ ਹੋਏ ਸੇ। ਇਹ ਵਿਚਾਰੇ ਝੱਲਾਂ ਰੁੱਖਾਂ ਵਿਚ ਛਿਪ ਕੇ ਸਮਾਂ ਕੱਟ ਰਹੇ ਜੇ। ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ। ਕੰਡਿਆਂ ਤੇ ਮੌਸਮ ਦੀਆਂ ਕਰੜਾਈਆਂ ਨਾਲ ਕਪੜਿਆਂ ਦੀਆਂ ਲੀਰਾਂ, ਲਾੜੇ ਦੇ ਛਤਰ ਦੀਆਂ ਕਤਾਰਾਂ ਵਾਂਙ ਸ਼ੋਭ ਰਹੀਆਂ ਸਨ, ਹੁਣ ਏਥੇ ਆ ਲੁਕੇ ਸਨ ਅਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁਕ ਰਹੇ ਸਨ ਕਿ ਅਚਾਨਕ ਇਨ੍ਹਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਕੱਠੇ ਹੋ ਗਏ। ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿਚ ਲੁਕਿਆਂ ਦੀਆਂ ਮਾਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ। ਕੁਛ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ, ਬੈਰਾਗੀ ਮਹੰਤ ਦਾਦੂ ਰਾਮ ਦੇ ਪੋਤਰੋ ਨੇ ਭਗਵੇਂ ਕਪੜੇ ਪੁਆ ਕੇ ਘਰ ਲੁਕਾ ਰੱਖੀਆਂ ਸਨ। ਦੁਖੀਆਂ ਦੀ ਪੁਕਾਰ ਤੇ ਪਿੰਡ ਵਾਲਿਆਂ ਦੀ ਹਾਹਾਕਾਰ ਕੁਛ ਐਸੀ ਪਈ ਕਿ ਮੰਨੂੰ ਦਾ ਘੋੜਾ ਸੀਖ ਪਾ ਹੋ ਗਿਆ। ਮੰਨੂੰ ਡਿੱਗ ਪਿਆ ਅਰ ਇਕ ਪੈਰ ਰਕਾਬ ਵਿਚ ਫਸਿਆ ਰਿਹਾ ਤੇ ਘੋੜਾ ਉਠ ਭੱਜਾ। ਟਿੱਬ ਖੜੱਬੀਆਂ ਥਾਵਾਂ ਵਿਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ ਸਿਰ ਖਹਿ ਖਹਿ ਵੱਜਦਾ ਅਰ ਠਹਿਕਦਾ ਠਹਿਕਦਾ ਪਾਟਦਾ ਗਿਆ, ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਸ ਗਏ ਅਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ ਤੇ ਲੱਗਦੀ ਸ਼ਿੰਗਰਫ ਦੀ ਲਕੀਰ ਵਾਂਗ ਮੰਨੂੰ ਦੀ ਕਰਮ ਪੱਤੀ ਦੀ ਲੰਮਾਈ ਦੀ ਖ਼ਬਰ ਸੰਸਾਰੀਆਂ ਨੂੰ ਦੇ ਗਈ।

ਜਿੰਦੜੀ ਤਾਂ ਮੀਰ ਮੰਨੂੰ ਦੀ ਇਕੁਰ ਗਈ, ਹੁਣ ਦੇਹ ਦਾ ਹਾਲ ਸੁਣੋ :-ਜਦ ਸਾਥੀ ਉਸ ਮੁਰਦਾ ਲੋਥ ਨੂੰ ਲੈਕੇ ਸ਼ਹਿਰ ਪਹੁੰਚੇ ਅਰ ਮੌਤ

—————

  • ਰਤਨ ਸਿੰਘ ਜੀ ਦਾ ਪੰਥ ਪ੍ਰਕਾਸ਼।
  • ਮਿੰਨੂੰ ਦੀ ਮੌਤ ਦੀ ਤਾਰੀਖ ਹੈ ੭ ਮੁਹੱਰਮ ੧੧੬੭ ਹਿਜਰੀ, (ਦੇਖੋ ਖਜ਼ਾਨਾ-ਏ-ਆਮਰਾ ੯੮ ਇਬਰਤ ਨਾਮਾ ਅਲੀਉੱਦੀਨ)। ਉਮਦਾ-ਤਤਵਾਰੀਖ ਨੇ ਕੱਤਕ ਸੁਦੀ ੯ ਸੰ: ੧੮੧੦ ਬਿਕਰਮੀ ਦਿੱਤਾ ਹੈ। ਇਹ ਦੁਇ ਤਾਰੀਖਾਂ ਅੰਗਰੇਜ਼ੀ ਸੰਨ ੧੭੫੩ ਨਵੰਬਰ ਤਿੰਨ ਚਾਰ ਨਾਲ ਆਂ ਢੁੱਕਦੀਆਂ ਹਨ। ਲੜੀਫ ਦਾ ਸੰਨ ੧੯੫੧ ਗਲਤ ਹੈ। ਗੋਕਲ ਚੰਦ ਸੰਨ ੧੭੫੨ ਈ: ਲਿਖਦਾ ਹੈ।

-੧੦੯-