ਪੰਨਾ:ਬਿਜੈ ਸਿੰਘ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੰਭੜੀਆਂ ਨੂੰ ਤਰੇਲ।

ਬੇਗਮ ਸਾਰੀ ਰਾਤ ਨਹੀਂ ਸੁੱਤੀ, ਕਦੀ ਕੋਠੇ ਕਦੀ ਹੇਠ, ਕਦੀ ਅੰਦਰ ਕਦੀ ਛੱਜੇ ਤੇ ਮੱਛੀ ਵਾਂਗ ਤੜਫਦੀ ਫਿਰੀ। ਤਪ ਵਾਲੇ ਨੂੰ ਜਿੰਕੁਰ ਠੰਢ ਦਾ ਸੁਆਦ ਨਹੀਂ, ਤਿਵੇਂ ਭਿੰਨੀ ਭਿੰਨੀ ਰਾਤ ਤਪਦੇ ਚਿਤ ਲਈ ਠੰਢ ਨਹੀਂ ਸੀ ਵਰਤਾ ਰਹੀ। ਕਦੀ ਰੋਂਦੀ, ਕਦੀ ਹੱਸਦੀ ਕਦੀ ਸਮਝ ਕਰਦੀ, ਕਦੀ ਬੇਵੱਸ ਹੋ ਜਾਂਦੀ। ਕਦੀ ਮਨ ਨਾਲ ਗੱਲੀਂ ਛਿੜ ਪੈਂਦੀ-

"ਹੇ ਮਨ! ਆ ਸਮਝ, ਦੇਖ..। ਅੱਗੇ ਦੇਸ਼ ਵਿਚ ਭਿਖਾਰੀ ਖਾਂ ਦੀ ਬਾਬਤ ਕੀ ਹਾਸੋਹੀਣੀ ਹੋਈ, ਤ੍ਰੀਮਤ ਦਾ ਕੀ ਹੈ? ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, ਰਤਾ ਸ਼ੌਕ ਪਿਆ ਨਹੀਂ ਤੀਵੀਂ ਦਾ ਜਸ ਗਿਆ ਨਹੀਂ। ਵਿਚਾਰੀ ਰਜ਼ੀਆ ਬੇਗਮ ਦਾ ਹਾਲ ਤੈਨੂੰ ਮਾਲੂਮ ਹੀ ਹੈ?

“ਦੇਖੋ! ਮੈਂ ਕਿਸ ਸੁਖ ਦੇ ਪਿਛੇ ਪਈ ਹਾਂ। ਸਾਰਾ ਪੰਜਾਬ ਮੇਰੇ ਹੁਕਮ ਵਿਚ ਤੇ ਮੇਰਾ ਆਪਣਾ ਮਨ ਮੇਰੀਆਂ ਵਾਗਾਂ ਤੋਂ ਬਾਹਰ। ਹਾਇ! ਮੇਰੇ ਕਰਤੱਬ ਪੁਸਤਕਾਂ ਵਿਚ ਲਿਖੇ ਜਾਣਗੇ, ਸਦੀਆਂ ਬੀਤ ਜਾਣਗੀਆਂ ਮੇਰੀਆਂ ਹੱਡੀਆਂ ਭੀ ਕਬਰ ਵਿਚ ਮਿੱਟੀ ਹੋ ਜਾਣਗੀਆਂ, ਪਰ ਮੇਰੇ ਨਾਮ ਤੋਂ ਵਜ਼ੀਰ ਵਾਲਾ ਧੱਬਾ ਨਹੀਂ ਧੁਪੇਗਾ। ਜਦ ਕਿਤੇ ਮੇਰਾ ਨਾਮ ਆਵੇਗਾ, ਇਹ ਜ਼ਿਕਰ ਛਿੜੇਗਾ। ਹੁਣ ਤਕ ਬੇਬਸ ਸਿੱਖ ਮੇਰੇ ਫੰਧੇ ਵਿਚ ਹੈ, ਉਹ ਨਿਰਦੋਸ਼ ਹੈ, ਉਹ ਇਥੇ ਕੈਦੀ ਹੈ; ਮੇਰੇ ਹੁਕਮ ਦੇ ਫਾਹੇ ਵਿਚ ਹੈ, ਉਸ ਦਾ ਨਾਮ ਕੀ ਵਿਗੜਨਾ ਹੈ? ਮਰਦ ਸੌ ਬੁਰਿਆਈ ਕਰੇ ਅੰਨ੍ਹੀ ਖ਼ਲਕਤ ਕੁਝ ਨਹੀਂ ਕਹਿੰਦੀ, ਤੀਮਤ ਤੇ ਝੂਠਾ ਸ਼ੱਕ ਭੀ ਪੈ ਜਾਵੇ ਤਾਂ ਤੀਵੀਂ ਦੀ ਮਿੱਟੀ ਉਂਡ ਜਾਂਦੀ ਹੈ। ਤਦੇ ਹੀ ਕਹਿੰਦੇ ਹਨ ਕਿ ਤ੍ਰੀਮਤਾਂ ਨੂੰ ਬੜਾ ਜਤ ਸਤ ਸੰਭਾਲਣਾ ਚਾਹੀਏ; ਤੀਵੀਂ ਨੂੰ ਉੱਚੀ ਅੱਖ ਕਿਸੇ ਵੱਲ ਬੀ ਨਹੀਂ ਤੱਕਦਾ ਚਾਹੀਏ। ਪਰ ਇਸ ਗੱਲ ਲਈ ਮਨ ਕਾਬੂ ਲੋੜੀਏ, ਹੱਛਾ ਠੀਕ ਹੈ! ਪਰ ਖ਼ਬਰੇ ਕੱਲ ਕਿਸੇ, ਦਾ ਹੈ? ਅੱਗਾ ਕਿਨ੍ਹ ਡਿਠਾ ਹੈ? ਮਤਾਂ ਮੈਂ ਮਰ ਹੀ ਜਾਵਾਂ, ਇਹ ਰਾਜ ਭਾਗ ਹੈ, ਪਰ ਇੱਕਲੀ ਹਾਂ, ਹੱਛਾ ਚਲੋ, ਸਿੰਘ ਜੀ ਨਾਲ ਗਲ ਬਾਤ ਤਾਂ ਕਰੀਏ।

-੧੩੩-