ਪੰਨਾ:ਬਿਜੈ ਸਿੰਘ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਭੋਲੇ ਨੂੰ ਤਾਂ ਖ਼ਬਰ ਹੀ ਨਹੀਂ। ਕੇਡਾ ਨੇਕ ਹੈ, ਦਾਨਾ ਹੈ, ਬੰਦਗੀ ਵਾਲਾ ਹੈ ਤੇ ਚੰਨ ਹੈ।"

ਐਸ ਤਰ੍ਹਾਂ ਦੇ ਖ਼ਿਆਲਾਂ ਵਿਚ ਬੇਗਮ ਰਾਤ ਬਿਤਾਵੇ, ਪਰ ਬੀਤੇ ਨਾ, ਛੇਕੜ ਇਕ ਉਬਾਲ ਵਿਚ ਉਠ ਕੇ ਉਧਰ ਗਈ, ਜਿਧਰ ਸ਼ੀਲ ਜੀ ਸਨ। ਝੀਤਾਂ ਵਿਚੋਂ ਡਿੱਠਾ ਕਿ ਸ਼ੀਲ ਕੌਰ ਤੇ ਬਾਲਕ ਬੈਠੇ ਪਾਠ ਕਰ ਰਹੇ ਹਨ, ਪਰ ਬਿਜੈ ਸਿੰਘ ਨਹੀਂ ਹੈ। ਹੁਣ ਬੇਗਮ ਪਰਲੇ ਛੱਜੇ ਤੇ ਗਈ, ਬਾਗ਼ ਵੱਲ ਨਜ਼ਰ ਕੀਤੀ ਤਾਂ ਸੰਖਮਰਮਰ ਦੀ ਸ਼ਿਲਾ ਪਰ ਚਾਨਣਾ ਚੰਦ ਚਮਕਦਾ ਦਿੱਸਿਆ। ਬੇਗਮ ਝਟ ਉਥੇ ਪਹੁੰਚੀ। ਜਦ ਬੇਗਮ ਨੇ ਸਿੰਘ ਜੀ ਦੇ ਭਜਨੀਕ ਚਿਹਰੇ ਦਾ ਦਰਸ਼ਨ ਕੀਤਾ ਤਾਂ ਠੰਢ ਜਿਹੀ ਪਈ ਕਿ ਸਭ ਘਬਰਾ ਵਾਲੇ ਖ਼ਿਆਲ ਉੱਡ ਗਏ, ਵਾਸ਼ਨਾ ਦੂਰ ਹੋ ਗਈਆਂ ਤੇ ਬੇਵੱਸੇ ਸਿਰ ਨਿਉਂ ਗਿਆ। ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਤੇ ਕਿਹਾ: ਆਪ ਸਿਰ ਨਾ ਝੁਕਾਓ, ਬਹਿ ਜਾਓ।

ਬੇਗਮ—ਤੁਸੀਂ ਮੈਨੂੰ ਐਸ ਵੇਲੇ ਵੇਖਕੇ ਹੈਰਾਨ ਹੋ ਗਏ ਹੋਵੋਗੇ, ਪਰ ਜਿੱਕਰ ਪਰਮੇਸ਼ੁਰ ਦੇ ਪਿਆਰ ਨੇ ਤੁਹਾਨੂੰ ਸੌਣ ਨਹੀਂ ਦਿੱਤਾ ਤਿਵੇਂ ਤੁਹਾਡੇ ਪਿਆਰ ਨੇ ਮੈਨੂੰ। ਹੁਣ ਇਕ ਅਰਜ਼ ਸੁਣ ਲਵੋ! ਮੇਰੇ ਚਿਤ ਵਿਚ ਤੁਹਾਡਾ ਪਿਆਰ ਪੈ ਗਿਆ ਹੈ, ਮੈਂ ਸਾਰੇ ਓੜ੍ਹ ਪੋੜ੍ਹ ਉਸ ਨੂੰ ਕਢਣ ਦੇ ਕੀਤੇ, ਪਰ ਨਹੀਂ ਨਿਕਲਦਾ। ਹੁਣ ਕ੍ਰਿਪਾ ਕਰ ਕੇ ਆਪ ਮੇਰੇ ਨਾਲ ਵਿਆਹ ਕਰ ਲਵੋ, ਤੁਸੀਂ ਮੁਸਲਮਾਨ ਹੋ ਜਾਵੇਂ ਤਾਂ ਬੜੀ ਖ਼ੁਸ਼ੀ, ਨਹੀਂ ਤਾਂ ਐਵੇਂ ਹੀ ਰਹੇ, ਪਰ ਨਿਕਾਹ ਪੜ੍ਹਾ ਲਓ, ਨਿਕਾਹ ...ਪਰ ਜ਼ਰਾ ਲੁਕਵੀਂ ਰਹੇ ਗੱਲ।

ਸਿੰਘ ਜੀ-ਹੇ ਪ੍ਰਜਾ ਮਾਤਾ! ਦੂਰੰਦੇਸ਼ੀ ਤੋਂ ਕੰਮ ਲਵੋ। ਮੈਂ ਵਿਆਹਿਆ ਹੋਇਆ ਹਾਂ; ਆਪ ਨੂੰ ਮਲੂਮ ਹੈ। ਫੇਰ ਆਪ ਦੇ ਸਿਰ ਤੇ ਸਾਰੇ ਦੇਸ ਦਾ ਬੰਦੋਬਸਤ ਹੈ; ਆਪ ਨੂੰ ਪ੍ਰਜਾ ਦੀ ਰੱਖ੍ਯਾ ਦਾ ਧਿਆਨ ਚਾਹੀਏ। ਦੇਸ਼ ਦਾ ਭਾਰ ਆਪ ਦੀ ਗਿੱਚੀ ਤੇ ਹੈ, ਇਸ ਦੇ ਨਿਬਾਹ ਲਈ ਭਲਿਆਈ ਤੇ ਪਰਮੇਸ਼ਰ ਦਾ ਭਾਉ ਚਾਹੀਦਾ ਹੈ। ਧਰਮ ਬੜੀ ਸ਼ੈ ਹੈ। ਬੇਗਮ-ਸਿੰਘ ਜੀ! ਮੈਂ ਆਪਨੂੰ ਕੋਈ ਗੱਲ ਧਰਮ ਦੇ ਵਿਰੁੱਧ ਨਹੀਂ

-੧੩੪-