ਪੰਨਾ:ਬਿਜੈ ਸਿੰਘ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਠ ਤੇ ਨਾ ਕੁਸ਼ਾਮਤੀਆਂ ਵਾਲੀ ਕੁਸ਼ਾਮਤ ਦਾ ਸਮਾਂ ਆਯਾ ਹੈ।

ਮਾਂ-ਬੱਚਾ! ਆਹ ਜਿਹੜੇ ਕੇਸ ਰੱਖ ਲਏ ਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ। ਤੈਂ ਸੁਣਿਆ ਨਹੀਂ ਕਿ ਇਕ ਵਾਰੀ ਇਕ ਨਵੇਂ ਬੀਜੇ ਖੇਤ ਵਿਚ ਕਈ ਪੰਛੀ ਚੁਗ ਚੁਗ ਖਾ ਰਹੇ ਸਨ, ਕ੍ਰਿਸਾਨ ਨੇ ਓਹ ਸਾਰੇ ਫੜ ਲਏ। ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ, ਤਦ ਇਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ, ਨਾ ਤੋਤਾ, ਨਾ ਮੈਂ ਖੇਤਾਂ ਦੇ ਬੀਜ ਚੁਗਣ ਵਾਲਾ ਪੰਛੀ, ਮੈਂ ਤਾਂ ਗਰੀਬ ਸਾਰਸ ਹਾਂ, ਮੇਰਾ ਭੋਜਨ ਜਲ ਵਿਚ ਹੁੰਦਾ ਹੈ, ਮੈਂ ਤਾਂ ਇਨ੍ਹਾਂ ਪੰਛੀਆਂ ਨਾਲ ਐਵੇਂ ਖੇਡ ਰਿਹਾ ਸਾਂ। ਕ੍ਰਿਸਾਨ ਨੇ ਕਿਹਾ ‘ਤੂੰ ਸੱਚ ਕਹਿੰਦਾ ਹੈਂ ਪਰ ਇਨ੍ਹਾਂ ਦੀ ਸੰਗਤ ਵਿਚ ਵੜਨ ਕਰਕੇ ਮੈਂ ਤੈਨੂੰ ਬੀ ਚੋਰ ਹੀ ਸਮਝਦਾ ਹਾਂ। ਸੋ ਬੱਚਾ! ਤੁਰਕ ਹਾਕਮ ਤਾਂ ਉਸ ਕ੍ਰਿਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ। ਤੂੰ ਦੱਸ ਖਾਂ, ਸਦਕੇ ਜਾਈਏ ਅੰਬਰਸਰ ਦੇ, ਭਾਈ ਮਨੀ ਸਿੰਘ ਹੁਰਾਂ ਤੁਰਕਾਂ ਦਾ ਕੀ ਲੀਤਾ ਸੀ? ਐਸੇ ਸਮਦ੍ਰਿਸ਼ਟੇ ਕਿੱਥੇ ਮਿਲਦੇ ਹਨ, ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇਕ ਨਜ਼ਰ ਦੇਖਦੇ ਸਨ, ਫੇਰ ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ? ਤਿਵੇਂ ਬੱਚਾ! ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ ਕੀ ਵਰਤੇ? ਘਰ ਵਿਚ ਜਦ ਤੂੰ ਸਭੂ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੈਂ, ਕੌਣ ਤੈਨੂੰ ਹਟਕਦਾ ਸੀ? ‘ਢੱਕੀ ਰਿੱਝੇ ਕੋਈ ਨ ਬੁੱਝੇ’ ਵਾਲੀ ਗੱਲ ਤੁਰੀ ਜਾਂਦੀ ਸੀ।

ਪੁਤ੍ਰ-ਮਾਂ ਜੀ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ, ਪਰ-

‘ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ॥

ਤਾ ਸਿਉ ਟੂਟੀ ਕਿਉ ਬਨੈ ਜਾਕੇ ਜੀਅ ਪਰਾਨ’॥੧੨੭॥

ਨੱਚਣ ਲੱਗੀ ਤਾਂ ਘੁੰਡ ਕੇਹਾ? ਮਾਤਾ ਜੀ! (ਲੰਮਾ ਹਾਹੁਕਾ ਲੈਕੇ) ਮੇਰੇ ਹਿਰਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਰਈ ਹੈ, ਰੋਮ ਰੋਮ ਵਿਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਨ੍ਹਾਂ ਦਾ ਸ਼ਬਦ ਸੁਣਾਈ ਦੇਂਦਾ ਹੈ। ਉਹ ਪਿਆਰਾ ਸੁੰਦਰ ਤੇ ਤੇਜੱਸ੍ਵੀ ਚਿਹਰਾ ਹਰ ਪੱਤੇ, ਹਰ ਫੁੱਲ, ਹਰ ਰੰਗ ਵਿਚੋਂ ਚਮਕਦਾ ਦਿੱਸਦਾ ਤੇ ਮੈਨੂੰ

-੯-