ਪੰਨਾ:ਬਿਜੈ ਸਿੰਘ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਥੇ? ਭੈਣ ਤਾਂ ਪਤੀ ਦੇ ਨਾਲ ਹੀ ਚਲੀ ਗਈ ਸੀ। ਉਸ ਵੇਲੇ ਬੜੇ ਬੜੇ ਜੋਧੇ ਤੇ ਬਲੀਆਂ ਦੀਆਂ ਅੱਖਾਂ ਵਿਚ ਪਿਆਰ ਦਾ ਜਲ ਭਰ ਆਇਆ। ਸਾਰਾ ਦਲ ਚੁੱਪ ਚਾਪ ਬੈਠਾ ਹੈ, ਕੋਈ ਆਵਾਜ਼ ਨਹੀਂ ਨਿਕਲਦੀ, ਹਾਂ ਕੋਈ ਟਾਂਵੇਂ ਹੰਝੂਆਂ ਦੇ ਟੇਪੇ ਕਰਦੇ ਹਨ। ਨਾ-ਸ਼ੁਕਰੀ ਦੇ ਨਹੀਂ, ਮਨਮੁੱਖਤਾ ਯਾ ਭਾਣੇ ਮੋੜਨ ਦੇ ਨਹੀਂ, ਕੇਵਲ ਬਿਜੈ ਸਿੰਘ ਦੇ ਪ੍ਰੇਮ ਅਰ ਸ਼ੀਲ ਕੌਰ ਦੇ ਸਤੀ ਹੋਣੇ ਪਰ ਤੇ ਖਾਲਸਾ ਧਰਮ ਦੇ ਭਰੋਸੇ ਪਰ।‘ਨਾਨਕ ਰੁੰਨਾ ਬਾਬਾ ਜਾਣੀਐ ਜੋ ਰੋਵੈ ਲਾਇ ਪਿਆਰੋ। ਬਿਜੈ ਸਿੰਘ ਦਾ ਭੁਜੰਗੀ ਜੋ ਅੱਖ ਦੇ ਫੋਰ ਵਿਚ ਮਾਤਾ ਪਿਤਾ ਤੋਂ ਰਹਿਤ ਹੋ ਗਿਆ ਅੱਥਰੂ ਭਰੇ ਨੈਣਾਂ ਨਾਲ ਹੈਰਾਨੀ ਵਿਚ ਡੁੱਬ ਰਿਹਾ ਹੈ। ਕੂੜਾ ਸਿੰਘ ਝੋਲੀ ਵਿਚ ਲੈਕੇ ਦਿਲਾਸਾ ਦੇਂਦਾ ਪਿਆਰ ਕਰਦਾ ਹੈ। ਭੁਜੰਗੀ ਬੜੇ ਖਖੇੜ ਬਖੇੜ ਦੇਖ ਚੁਕਾ ਹੈ। ਮਾਤਾ ਪਿਤਾ ਤੋਂ ਚੋਖੀ ਸਿਖ੍ਯਾ ਪਾ ਚੁਕਾ ਹੈ, ਪਰ ਅਚਾਨਕ ਦੋਹਾਂ ਦਾ ਵਿਛੋੜਾ ਡੂੰਘੇ ਤੇ ਸੱਚੇ ਪਿਆਰ ਦੀਆਂ ਤਰਬਾਂ ਨੂੰ ਅੰਦਰੋਂ ਹਿਲਾਉਂਦਾ ਹੈ। ਜਥੇਦਾਰ ਦਾ ਪਿਆਰ ਠੱਲ੍ਹਦਾ ਹੈ ਵਿਛੋੜੇ ਤੇ ਹੌਂਸਲੇ ਬੰਨ੍ਹਣ ਦੇ ਅਸਚਰਜ ਰੰਗ ਉਸ ਦੇ ਸੁੱਚੇ ਤੇ ਕੁਮਾਰ ਦਿਲ ਤੇ ਅਸਰ ਕਰਦੇ ਹਨ। ਰੁਕ ਕੇ ਫੇਰ ਹੌਲੇ ਜਿਹੇ ਮਾਂ ਪਿਓ ਦੀ ਛਾਤੀ ਤੇ ਸਿਰ ਰੱਖਦਾ ਹੈ। ਇਕ ਵੇਰ ਇਹ ਗੱਲ ਮੂੰਹੋਂ ਡਾਢੀ ਦਰਦਨਾਕ ਹੋਕੇ ਨਿਕਲੀ, ‘ਅੰਮਾ ਜੀਓ ! ਅੱਜ ਕਿਉਂ ਇਹ ਪਿਆਲਾ ਕੱਲਿਆਂ ਪੀ ਲਿਆ ਜੇ?' ਇਸ ਤਰ੍ਹਾਂ ਦੇ ਪਿਆਰ ਦੀ ਪੰਘਰ ਨੂੰ ਜੱਸਾ ਸਿੰਘ ਨੇ ਸੰਭਾਲਿਆ ਤੇ ਭੁਜੰਗੀ ਨੂੰ ਗੋਦ ਵਿਚ ਸੁਆਈ ਰੱਖਿਆ। ਸਾਰੀ ਰਾਤ ਗੁਰਬਾਣੀ ਦਾ ਪਾਠ ਹੁੰਦਾ ਰਿਹਾ 1 ਦਿਨ ਹੁੰਦੇ ਸਾਰ ਬੜੇ ਸਤਿਕਾਰ ਨਾਲ ਦੋਹਾਂ ਦਾ ਸੰਸਕਾਰ ਕਰਕੇ ਫੁਲ ਤੇ ਭਤੀ ਬਿਆਸਾ ਵਿਚ ਪਰਵਾਹ ਦਿਤੀ। ਬਿਜੈ ਸਿੰਘ ਦਾ ਬੇਟਾ ਇਕ ਬੜਾ ਸੂਰਮਾ ਹੋਇਆ। ਕੂੜਾ ਸਿੰਘ ਨੇ ਉਸਨੂੰ ਬੱਚਿਆਂ ਵਾਂਙ ਪਾਲਿਆ ਤੇ ਪੰਥ ਦਾ ਇਕ ਲਾਲ ਤਿਆਰ ਕੀਤਾ, ਜਿਸਦਾ ਜੀਵਨ ਨਾਮ ਵਿਚ ਪਵਿੱਤ੍ਰ ਤੇ ਉੱਚਾ ਹੋਇਆ ਤੇ ਪੰਥ ਸੇਵਾ ਵਿਚ ਸਫਲਿਆ।

-੧੭੫-