ਪੰਨਾ:ਬਿਜੈ ਸਿੰਘ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਨ ਵੀਰ ਵੇ! ਸਦਾ ਦੇ ਸੱਲ ਨਾ ਦੇਹ! ਬਾਕੀ ਸਾਰਾ ਟੱਬਰ ਰੋ ਰੋ ਕੇ ਫਾਹਵਾ ਹੋ ਰਿਹਾ ਸੀ; ਬਾਂਦੀਆਂ ਗੋਲੀਆਂ ਟਹਿਲਣਾਂ ਜੋ ਸਭ ਸਿੰਘ ਜੀ ਦੀ ਦਇਆ ਦਾ ਪਾਤ੍ਰ ਸਨ ਰੋਂਦੀਆਂ ਸਨ। ਦੀਵਾਨ ਸਾਹਿਬ ਲੋਹੇ ਲਾਖੇ ਹੋ ਰਹੇ ਸਨ। ਪੰਡਤ ਜੀ ਉਤੋਂ ਕੋਮਲ ਅੱਖਾਂ ਜਲ ਨਾਲ ਪੂਰਤ ਤੇ ਅੰਦਰੋਂ ਥਿੰਧੇ ਘੜੇ ਹੋ ਰਹੇ ਸੇ। ਵੱਡਾ ਭਿਰਾਉ ਹੈਰਾਨੀ ਤੇ ਗੁੱਸੇ ਵਿਚ ਗੁੱਟਿਆ ਹੋਇਆ ਘੂਰ ਰਿਹਾ ਸੀ।

ਮਾਂ-ਬੱਚਾ! ਉਸ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਦੀ ਖ਼ਰੈਤ ਮੇਰਾ ਬਚਨ ਮੰਨ; ਤੈਨੂੰ ਉਸੇ ਦਾ ਵਾਸਤਾ ਹਈ।

ਕਲਗੀਆਂ ਵਾਲੇ ਦਾ ਵਾਸਤਾ ਸੁਣਦੇ ਹੀ ਸਿੰਘ ਜੀ ਨੇ ਇਕ ਘੇਰਨੀ ਖਾਧੀ। ਹਾਇ! ਕੈਸੀ ਕੋਮਲ ਦਸ਼ਾ ਹੈ, ਜੇ ਗੁਰੂ ਦਾ ਵਾਸਤਾ ਮੋੜੇ ਤਦ ਬੇਮੁਖ, ਜੇ ਮੰਨੇ ਤਦ ਸਿੱਖੀ ਹਾਰ ਕੇ ਬੇਮੁਖ, ਕਰੇ ਤਾਂ ਕੀ ਕਰੇ? ਮਾਂ ਦੇ ਅਤਿ ਪਿਆਰ, ਭੈਣਾਂ ਦੇ ਅਤਿ ਸਨੇਹ ਆਦਿ ਦਿਮਾਗ਼ ਨੂੰ ਚਕਰਾ ਦਿੱਤਾ ਅਰ ਮੂਰਛਾ ਜਿਹੀ ਹੋ ਗਈ।

ਐਸੀਆਂ ਕਸ਼ਟ ਭਰੀਆਂ ਦਸ਼ਾ ਵਿਚ ਸਾਡੇ ਬਜ਼ੁਰਗਾਂ ਨੇ ਖਾਲਸਾ ਧਰਮ ਗ੍ਰਹਿਣ ਕੀਤਾ ਸੀ ਜੋ ਅੱਜ ਕਲ੍ਹ ਮਾਇਆ ਦੇ ਝਲਕੇ ਤੇ ਵਿਸ਼ਿਆਂ ਦੇ ਮੋਹ ਅੱਗੇ ਮੁਫ਼ਤ ਦਿੱਤਾ ਜਾ ਰਿਹਾ ਹੈ; ਗੁਰੂ ਰੱਖਿਆ ਕਰੇ।

ਗੋਲੀਆਂ ਦੌੜੀਆਂ, ਗੁਲਾਬ ਕਿਉੜੇ ਦੇ ਛੱਟੇ ਮਾਰ ਕੇ ਹੋਸ਼ ਲਿਆਂਦੀ। ਮਾਂ, ਮਮਤਾ ਦੀ ਮਾਰੀ ਮਾਂ, ਪੁੱਤ ਦਾ ਹੱਥ ਹੱਥਾਂ ਵਿਚ ਲੈ ਕੇ ਤੇ ਪਲੋਸ ਕੇ ਬੋਲੀ, ਮੇਰੇ ਲਾਲ! ਹੋਸ਼ ਕਰ, ਮੈਂ ਗੁਰੂ ਦਾ ਵਾਸਤਾ ਛੱਡਿਆ; ਤੂੰ ਤਕੜਾ ਹੋ। ਜਾਂ ਰਾਮ ਲਾਲ ਉਠਿਆ, ਦੀਵਾਨ ਨੇ ਬਾਂਹ ਫੜ ਕੇ ਕਿਹਾ! ਜਾਓ ਨਿਕਲੋ; ਢਿੱਲ ਨਾ ਕਰੋ।

ਰਾਮ ਲਾਲ ਨੇ ਕਦਮ ਚੁੱਕਿਆ ਤਾਂ ਉਸ ਦੀ ਸਿੱਖਣੀ ਤੇ ਪੁਤ੍ਰ ਬੀ ਮਗਰ। ਦੀਵਾਨ ਨੇ ਨੂੰਹ ਦੀ ਬਾਂਹ ਫੜ ਕੇ ਕਿਹਾ, ਤੈਂ ਨਹੀਂ ਜਾਣਾ। ਪਰ ਬਾਂਹ ਛੁਡਾ ਕੇ ਪਤੀਬ੍ਰਤਾ ਪਤੀ ਦੇ ਮਗਰ। ਤਦ ਮਾਂ ਨੇ ਕਿਹਾ: ਬੱਚਾ! ਜ਼ਰਾ ਠਹਿਰ ਜਾ। ਬਾਹੋਂ ਫੜ ਕੇ ਪੁਤ੍ਰ ਨੂੰ ਪਾਸ ਬਹਾਲ ਲਿਆ। ਤੇ ਰੋ ਰੋ ਕੇ ਬੋਲੀ: ਕਾਕਾ! ਮੈਨੂੰ ਮਾਰ ਕੇ ਜਾਂਦੋਂ, ਤੇਰਾ ਹੱਥ

-੧੮-

Page 24

www.sikhbookclub.com