ਪੰਨਾ:ਬਿਜੈ ਸਿੰਘ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਰ ਨਹੀਂ ਦਿੰਦਾ, ਝੱਟ ਪੱਟ ਤਲਵਾਰਾਂ ਧੂਹ ਕੇ ਡਟ ਗਏ। ਹੁਣ ਇਕ ਘਮਸਾਨ ਮਚ ਗਿਆ, ਦਾਉ ਬਾਜ਼ੀ ਤੇ ਹੱਥ-ਪਲੱਥਾ ਆਰੰਭ ਹੋ ਗਿਆ। ਕਿਥੇ ਪੰਜਾਹ ਤੇ ਕਿਥੇ ਦੋ ਸੌ, ਪਰ ਤਦ ਵੀ ਟਾਕਰਾ ਕਰਨੋਂ ਕਦੀ ਨਾ ਮੁੜਨ ਵਾਲੇ ਸਿੱਖਾਂ ਨੇ ਕਰਾਰੇ ਹੱਥ ਦਿਖਾਏ। ਅਨੇਕ ਸਿਪਾਹੀ ਤਲਵਾਰ ਦੇ ਘਾਟ ਉਤਾਰੇ। ਛੇਕੜ ਸਿਪਾਹੀ ਕੁਛ ਠਿਠੰਬਰ ਕੇ ਇਕ ਪਾਸੇ ਵੱਲ ਟਲੇ। ਸਿੱਖ ਲੜਦੇਂ ਘੁਲਦੇ ਆਪਣੇ ਰਾਹ ਵੱਲ ਬੀ ਵਧ ਰਹੇ ਸਨ, ਸੋ ਇਨ੍ਹਾਂ ਨੇ ਹੋਰ ਕਦਮ ਅਗੋਰੇ ਕੀਤੇ, ਇਧਰ ਸਿਪਾਹੀਆ ਨੇ ਪਿਛਲੇ ਪਾਸੇ ਰੁਖ਼ ਕੀਤਾ। ਐਉਂ ਦੋਵੇਂ ਧਿਰਾਂ ਪਿੱਛਾ ਛੁਡਾਉਂਦੀਆਂ ਨੇ, ਦੂਜੀ ਧਿਰ ਭੱਜੀ ਸਮਝ ਕੇ ਮੈਦਾਨ ਖਾਲੀ ਛੱਡ ਕੇ ਨੱਸਣ ਦੀ ਕੀਤੀ, ਪਰ ਸਾਡੇ ਬਿਜੈ ਸਿੰਘ ਹੁਰੀਂ ਨਾਲ ਨਾ ਦੌੜ ਸਕੇ, ਕਿਉਂਕਿ ਉਨ੍ਹਾਂ ਦੀ ਸਿੰਘਣੀ ਨੂੰ ਪੇਟ ਵਿਚ ਸੱਟ ਲੱਗਣ ਕਰ ਕੇ ਗਸ਼ ਆ ਗਈ ਸੀ, ਅਰ ਸਿੰਘ ਜੀ ਇਕਲਵੰਜੇ ਲਿਜਾ ਉਸ ਦੀ ਸੇਵਾ ਕਰ ਰਹੇ ਸਨ। ਰਾਜ ਭਾਗ ਵਿਚ ਪਲੀ ਸੁਹਲਤਾ ਤੇ ਕੋਮਲਤਾ ਦੀ ਪੁਤਲੀ ਸ਼ੀਲ ਕੌਰ ਲਈ ਇਹ ਦਿਨ ਸਾਰੀ ਅਵਸਥਾ ਵਿਚ ਪਹਿਲਾ ਦੁੱਖਾਂ ਦਾ ਦਿਨ ਸੀ ਅਰ ਅਡੋਲ ਸਮੁੰਦਰ ਵਿਚ ਭਰੇ ਤੂਫ਼ਾਨ ਦੇ ਅਚਾਨਕ ਆ ਜਾਣ ਵਾਂਗ ਬਿਪਤਾ ਦਾ ਦਿਹਾੜਾ ਸੀ। ਪਹਿਲੇ ਸਫ਼ਰ ਦਾ ਥਕੇਵਾਂ, ਫੇਰ ਘਰਦਿਆਂ ਦਾ ਦਿਲ ਹਿਲਾ ਦੇਣ ਵਾਲਾ ਸਲੂਕ ਤੇ ਘਰੋਂ ਨਿਕਾਲਾ, ਫੇਰ ਰਾਤ ਦੀ ਬਿਪਤਾ ਅਰ ਹੁਣ ਵੈਰੀਆਂ ਦੇ ਢਹੇ ਚੜ੍ਹ ਕੇ ਮਸਾਂ ਜਿਹੇ ਬਚਣਾ; ਕੋਈ ਮਾਮੂਲੀ ਗੱਲਾਂ ਨਹੀਂ ਸਨ। ਇਕ ਸੁਹਲ ਇਸਤ੍ਰੀ ਲਈ ਇਸ ਤੋਂ ਵੱਧ ਹੋਰ ਕੀ ਬਿਪਤਾ ਹੋ ਸਕਦੀ ਹੈ? ਪਰ ਧਰਮ ਦੀ ਟੇਕ ਸੀ ਇਨ੍ਹਾਂ ਦੇ ਦਿਲ ਨੂੰ ਤਾਕਤ ਦੇਂਦੀ ਸੀ। ਹੁਣ ਪਤੀ ਜੀ ਦੇ ਯਤਨਾਂ ਨਾਲ ਬੀਬੀ ਨੂੰ ਹੋਸ਼ ਆ ਗਈ। ਜ਼ਖ਼ਮ ਤਾਂ ਐਵੇਂ ਮਾਮੂਲੀ ਸੀ, ਪਰ ਇਕ ਬੰਦੂਕ ਦੀ ਹੁੱਝ ਨਾਲ ਧਬੱਕ ਖਾ ਕੇ ਵਿਚਾਰੀ ਬਉਰਾਨੀ ਹੋ ਕੇ ਢੱਠੀ ਹੋਈ ਸੀ। ਹੋਸ਼ ਸੰਭਾਲੀ ਤਦ ਦੰਪਤੀ* ਨੇ ਕੀ ਡਿੱਠਾ ਕਿ ਮੈਦਾਨ ਖਾਲੀ ਪਿਆ ਹੈ, ਕਈ ਸਿੰਘ ਤੇ ਤੁਰਕ


*ਵਹੁੱਟੀ ਗੱਭਰੂ।

-੨੯-

Page 35

www.sikhbookclub.com