ਪੰਨਾ:ਬਿਜੈ ਸਿੰਘ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰੇ ਗਏ ਹਨ। ਇਸ ਵਿਹਲ ਨੂੰ ਵੇਖ ਕੇ ਅਕਲ ਦੇ ਪੁਤਲੇ ਬਿਜੈ ਸਿੰਘ ਨੇ ਇਕ ਦੋ ਤਲਵਾਰਾਂ ਤੇ ਇਕ ਦੋ ਖੰਜਰ ਔਰ ਇਕ ਬੰਦੁਕ ਤੇ ਕੁਝ ਥੋੜਾ ਗੋਲੀ ਸਿੱਕਾ ਉਥੋਂ ਲੈ ਲਿਆ ਅਰ ਉੱਤਰ ਪਿੱਛੋਂ ਦੀ ਦਿਸ਼ਾ ਨੂੰ ਝਬਦੇ ਤੁਰ ਪਿਆ। ਭਾਵੇਂ ਵਹੁਟੀ ਅੱਛੀ ਤਰ੍ਹਾਂ ਤੁਰ ਨਹੀਂ ਸਕਦੀ ਸੀ, ਪਰ ਜ਼ਿੰਦ ਰੱਖਣ ਦੀ ਇੱਛਾ ਉਨਾਂ ਦੇ ਥੱਕੇ ਸਰੀਰਾਂ ਵਿਚ ਮੁਮਿਆਈ ਦਾ ਕੰਮ ਕਰ ਰਹੀ ਸੀ। ਤੜਕਸਾਰ ਦੇ ਵੇਲੇ ਤੱਕ ਕੋਈ ਸੱਤ ਕੋਹ ਪੈਂਡਾ ਲੰਘ ਗਏ। ਪਿੰਡ ਰਾਹ ਵਿਚ ਦਿੱਸੇ ਸਭ ਤੋਂ ਲਾਂਭੇ ਰਹਿ ਰਹਿ ਕੇ ਨਿਕਲ ਜਾਂਦੇ ਰਹੇ। ਹੁਣ ਸੂਰਜ ਚੜ੍ਹ ਪਿਆ ਤੇ ਇਕ ਘਣਾਂ ਜੰਗਲ ਆ ਗਿਆ, ਉਸ ਨੂੰ ਕਿਲ੍ਹਾ ਸਮਝ ਕੇ ਬਨ ਵਿਚ ਆ ਵੜੇ ਅਰ ਇਕ ਘਣੇ ਛਾਏ ਵਾਲੀ ਥਾਂ ਪੁਰ ਜਾ ਕੇ ਹਰੇ ਹਰੇ ਘਾਹਾ ਪੁਰ ਲੇਟ ਗਏ। ਲੇਟੇ ਐਸੇ ਕਿ ਸੱਤੇ ਸੁਧਾਂ ਭੁੱਲ ਗਈਆਂ, ਜਿਵੇਂ ਕੋਈ ਸੌਦਾਗਰ ਘੋੜੇ ਵੇਚ ਕੇ ਜਾਂ ਕੋਈ ਪਿਓ ਧੀ ਦਾ ਡੋਲਾ ਤੋਰ ਕੇ ਸੌਂਦਾਂ ਹੈ। ਥਕਾਨ ਭਾਵੇਂ ਅੱਚਵੀ ਤੱਕ ਪਹੁੰਚ ਗਿਆ ਸੀ ਅਰ ਇਹ ਉਮੈਦ ਨਹੀਂ ਸੀ ਕਿ ਨੀਂਦ ਇਨ੍ਹਾਂ ਦੀਆਂ ਹੁੱਟੀਆਂ ਹੋਈਆਂ ਅੱਖਾਂ ਵਿਚ ਬਿਸਰਾਮ ਕਰੇਗੀ ਪਰ ਸ਼ਬਦ ਦੇ ਪ੍ਰੇਮੀ ਹੋਣ ਕਰਕੇ ਸੁਰਤ ਇਨ੍ਹਾਂ ਦੇ ਵੱਸ ਵਿਚ ਸੀ, ਸੁਰਤ ਨੂੰ ਟਿਕਾਉ ਦੇ ਰਸਤੇ ਪਾਉਂਦੇ ਨਿੰਦਰਾ ਵਿਚ ਲੈ ਗਏ ਅਤੇ ਘਾਹ ਪੁਰ ਸੌਂ ਗਏ, ਜਿਵੇਂ ਇੰਦਰ ਤਖ਼ਤ ਤੇ ਸੌਂ ਜਾਵੇ। ਇਸ ਵੇਲੇ ਠੰਢਕ ਇਨ੍ਹਾਂ ਨੂੰ ਮੁੱਠੀਆਂ ਭਰਨ ਲੱਗ ਗਈ ਅਰ ਪਿਆਰੀ ਪਿਆਰੀ ਪੌਣ ਪੱਖਾ ਕਰਨ ਲੱਗ ਗਈ।

ਮੁਨ੍ਹੇਰੇ ਦੇ ਸੁਤੇ ਲੌਢੇ ਪਹਿਰ ਉਠੇ! ਬਨ ਦੇ ਵਿਚ ਇਕ ਛੰਭ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਅਰ ਇਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾਂ ਦੇ ਵੈਰੀ ਢਿਡ ਦਾ ਲਾਂਘਾ ਲੰਘਾਇਆ ਬਿਜੈ ਸਿੰਘ ਦਾ ਸੰਕਲਪ ਇਸ ਬਨ ਵਿਚ ਕੁਝ ਦਿਨ ਕੱਟਣੇ ਦਾ ਸੀ, ਪਰ ਬਨ ਵਿਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪੁਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਤੇ ਘੁਸਮੁਸੇ ਹੋਣੇ ਤੋਂ ਰਤਾ ਕੁ ਪਹਿਲੋਂ ਕੂਚ ਕਰ ਦਿੱਤਾ। ਸੰਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਯਾ ਕੰਢੇ ਆ

-੩੦-

Page 36

www.sikhbookclub.com