ਪੰਨਾ:ਬਿਜੈ ਸਿੰਘ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲੇ ਹਾਂ। ਸੂਰਜ ਦਾ ਡੁਬਾਉ, ਨਦੀ ਦਾ ਚੜ੍ਹਾਉ, ਰਾਤ ਦਾ ਉਤਰਾਉ ਇਕ ਐਸਾ ਭੈ-ਭੀਤ ਸਮੇਂ ਦਾ ਕਾਰਨ ਹੋ ਰਿਹਾ ਸੀ ਕਿ ਜਿਸ ਵਿਚ ਮਨ ਸਹਿਮਦਾ, ਦੇਹਿ ਸੰਕੁਚਦੀ ਤੇ ਨਿਰਾਸਤਾ ਵਧਦੀ ਚਲੀ ਗਈ। ਪਾਰ ਹੋ ਸਕਣ ਦੀ ਆਸ ਆਸ਼ਾ ਤੋਂ ਹੱਥ ਧੋ ਬੈਠੀ ਸੀ ਜਿਵੇਂ ਗ੍ਯਾਨਵਾਨ ਦੇ ਕਰਮ ਪੁੰਗਰਨ ਦੀ ਆਸ ਛੱਡ ਬੈਠਦੇ ਹਨ। ਪਰ ਥੋੜਾ ਚਿਰ ਹੋਰ ਉੱਤਰ ਰੁਖ਼ ਕਦਮ ਮਾਰਨ ਤੇ ਹੋ ਚੁੱਕੀ ਨਿਰਾਸਾ ਫੇਰ ਆਸਾ ਵਿਚ ਪਲਟ ਖਲੋਤੀ ਕਿ ਇਕ ਪਤਣ ਨਜ਼ਰੀਂ ਆ ਗਿਆ ਤੇ ਇਕ ਬੇੜੀ ਦਿੱਸ ਪਈ, ਜਿਸ ਦਾ ਪੂਰ ਕੁਝ ਊਣਾ ਸੀ, ਪਰ ਉਹ ਬੇੜੀ ਨੂੰ ਊਣਿਆਂ ਹੀ ਠੇਲ੍ਹਣ ਲੱਗੇ ਸੀ। ਬਿਜੈ ਸਿੰਘ ਦੀ ਅਵਾਜ਼ ਸੁਣ ਕੇ ਮਲਾਹਾਂ ਨੇ ਉਡੀਕ ਕੀਤੀ ਅਰ ਤਿੰਨਾਂ ਨੂੰ ਚੜ੍ਹਾ ਕੇ ਪਾਰ ਲੈ ਗਏ ਪੈਸੇ ਦੇਣ ਵਾਸਤੇ ਤਾਂ ਉਨ੍ਹਾਂ ਦੇ ਪਾਸ ਕੋਈ ਦਮੜਾ ਸੀ ਹੀ ਨਹੀਂ, ਮਲਾਹਾਂ ਨੂੰ ਇਕਲਵੰਜੇ ਲਿਜਾਕੇ ਇਕ ਮੋਹਰ ਦੇ ਦਿਤੀ ਜੋ ਸ਼ੀਲ ਕੌਰ ਦੇ ਪਾਸ ਕੁਝ ਕੁ ਵਾਂਸਲੀ ਵਿਚ ਪਈਆਂ ਲੱਕ ਨਾਲ ਬੱਧੀਆਂ ਸਨ। ਜਾਂ ਕੁਝ ਕਦਮ ਤੁਰੇ ਤਦ ਕੀ ਦੇਖਦੇ ਹਨ ਕਿ ਪੱਤਣ ਜਗਾਤੀਆਂ ਨੇ ਆ ਘੇਰਿਆ ਅਰ ਪਲੋਪਲੀ ਵਿਚ ਦਸ ਪੰਜ ਸਿਪਾਹੀ ਬੀ ਗਿਰਦੇ ਆ ਗਏ: "ਮਰਦੂਦ ਸਿੱਖ ਮਰਦੂਦ ਸਿੱਖ" ਆਖਦੇ ਮੂੰਹ ਬਣਾਉਂਦੇ ਉਨ੍ਹਾਂ ਨੂੰ ਫੜ ਕੇ ਲੈ ਗਏ, ਅਰ ਤਲਾਸ਼ੀ ਲੈ ਕੇ ਮੋਹਰਾਂ ਗਹਿਣੇ, ਜੋ ਉਨ੍ਹਾਂ ਪਾਸ ਸੀ, ਖੋਹ ਲਿਆ। ਕੋਈ ਦੋ ਕੁ ਸੋਨੇ ਦੀਆਂ ਛਾਪਾਂ ਉਨ੍ਹਾਂ ਦੀਆਂ ਚੋਰ ਨਜ਼ਰਾਂ ਤੋਂ ਬਚ ਗਈਆਂ; ਯਾ ਕ੍ਰਿਪਾਨਾਂ ਕਿਸੇ ਨੇ ਨਾ ਖੋਹੀਆਂ। ਪਰੇ ਲਿਜਾ ਕੇ ਇਕ ਕੋਠੇ ਵਿਚ ਦੇ ਕੇ ਕੁੰਡਾ ਮਾਰ ਦਿੱਤਾ। ਉਸ ਡਰਾਉਣੀ ਕੁਟੀਆ ਵਿਚ ਕਾਲੀ ਬੋਲੀ ਰਾਤ ਆਪਣੇ ਭਯੰਕਰ ਅਸਰ ਨੂੰ ਲੈ ਕੇ ਆ ਪਹੁੰਚੀ। ਸਾਰੇ ਸੰਸਾਰ ਵਿਚ ਚੁਪ-ਚਾਂ ਵਰਤ ਗਈ, ਪਾਪਾਂ ਦੇ ਕਰਨੇ ਵਾਲੀ ਅਰ ਅਪਰਾਧਾਂ ਦੇ ਫੈਲਾਣੇ ਵਾਲੀ ਸ੍ਰਿਸ਼ਟੀ ਅਨੰਦ ਦੀ ਨੀਂਦ ਸੁਤੀ ਘੁਰਾੜੇ ਮਾਰ ਰਹੀ ਹੈ ਜ਼ਾਲਮਾਂ ਤੇ ਜਰਵਾਣਿਆਂ ਦੇ ਘਰੀਂ ਸੰਸਾਰ ਦੀ ਸਾਰੀ ਖ਼ੁਸ਼ੀ ਕੱਠੀ ਹੋ ਰਹੀ ਹੈ; ਪਰ ਹਾਇ! ਧਰਮ ਦੇ, ਸੱਚ ਦੇ ਪੁਤਲੇ! ਦੁਖੀਆਂ ਦੀਨਾਂ ਦੇ ਰੱਖ੍ਯਕ ਕਿਸ ਤਰ੍ਹਾਂ ਮੁਸੀਬਤਾਂ ਵਿਚ ਰਾਤਾਂ ਕੱਟ ਰਹੇ ਹਨ! ਮੁਸੀਬਤ ਦੀ

-੩੧-

Page 37

www.sikhbookclub.com