ਪੰਨਾ:ਬਿਜੈ ਸਿੰਘ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਜ ਮਿਟਾ ਦੇ। ਬਿਜੈ ਸਿੰਘ ਦੀ ਮਾਂ ਇਹਨਾਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦੀ ਹੁੰਦੀ ਸੀ। ਕਿਉਂਕਿ ਪਿਆਰੇ ਪੁਤ੍ਰ ਦੀ ਲਿਵ ਉਸਦੇ ਜੀ ਵਿਚ ਹਰ ਵੇਲੇ ਲੱਗੀ ਰਹਿੰਦੀ ਸੀ, ਇਸ ਦੀ ਇਹ ਦਸ਼ਾ ਵੇਖਕੇ ਗੋਲੀਆਂ ਬਾਂਦੀਆਂ ਇਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਿਆ ਲਿਆ ਕੇ ਸੁਣਾਉਂਦੀਆਂ ਸਨ। ਉਹ ਖਬਰਾਂ ਫੇਰ ਸੁਆਣੀ ਦੀਵਾਨ ਨੂੰ ਸੁਣਾ ਕੇ ਪੱਕਾ ਪਤਾ ਲੈਂਦੀ ਸੀ। ਕਿ ਏਹ ਸੱਚ ਹਨ ਕਿ ਨਹੀਂ? ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿੱਚੋਂ ਕਿਣਕਾ ਮਾਤ੍ਰ ਹਨ, ਇਥੇ ਲਿਖਦੇ ਹਾਂ:-

ਗੋਲੀ-ਸੁਆਣੀ ਜੀ! ਅਜ ਬੜਾ ਉਪੱਦਰ ਹੋਇਆ।

ਸੁਆਣੀ-ਹੈਂ! ਕੀ ਹੋਇਆ?

ਗੋਲੀ-ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇ ਪੁਰ ਦੋ ਭੁਖੇ ਬਾਘ ਛਡੇ ਗਏ,ਅਰ ਦੋ ਸਿੱਖ, ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹਕੇ ਖੜੇ ਕੀਤੇ ਗਏ। ਬਾਘਿਆਂ ਨੇ ਐਉਂ ਹਾਬੜ ਹਾਬੜਕੇ ਉਨ੍ਹਾਂ ਦੀ ਬੋਟੀ ਬੋਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ; ਪਰ ਬੇਬੇ ਜੀ! ਆਖਦੇ ਹਨ ਕਿ ਕਿਸੇ ਨੇ ਹਾਇ ਤੀਕ ਨਹੀਂ ਕੀਤੀ, ਸ੍ਰੀ ਵਾਹਿਗੁਰੂ ਹੀ ਉਚਾਰਦੇ ਚਲ ਬਸੇ।

ਸੁਆਣੀ-ਤੇ ਓਥੇ ਹੋਰ ਕੋਈ ਨਹੀਂ ਸੀ?

ਗੋਲੀ-ਨਵਾਬ ਸਾਹਿਬ ਆਪ ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਭੀ ਸਨ। ਸਾਰੇ ਉਪਰਲੇ ਤਖਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਤੋਂ ਖਿੜ ਖਿੜਾਕੇ ਹੱਸਦੇ ਸਨ।

ਸੁਆਣੀ (ਠੰਢਾ ਸਾਹ ਭਰਕੇ)-ਵਿਨਾਸ਼ ਕਾਲੋਚ ਵਿਪ੍ਰੀਤ ਬਧੇ* ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ। ਨਾਰਾਇਣ! ਮੇਰੇ ਪੁਤ੍ਰ ਨੂੰ ਪ੍ਰਹਿਲਾਦ ਵਾਂਗ ਬਚਾ ਦੇਹ। ਲਾਲ! ਤੈਨੂੰ ਤੱਤੀ ਵਾ ਨਾ ਲੱਗੇ।

ਗੋਲੀ-ਉਸ ਦਾ ਰਾਮ ਸਹਾਈ ਹੈ, ਤੁਸੀਂ ਰਤੀ ਫਿਕਰ ਨਾ ਕਰੋ।

ਸੁਆਣੀ-ਭਲਾ ਉਨ੍ਹਾਂ ਸਿੱਖਾਂ ਵਿਚ ਕੋਈ ਖੱਤਰੀ ਭੀ ਸੀ?


*ਜੇ ਕਿਸੇ ਦਾ ਨਾਸ਼ ਹੋਣ ਦਾ ਸਮਾਂ ਆਵੇ ਤਾਂ ਪਹਿਲਾਂ ਉਸ ਦੀ ਬੁਧਿ ਮਾੜੀ ਜਾਂਦੀ ਹੈ।

-੩੭-

Page 43

www.sikhbookclub.com