ਪੰਨਾ:ਬਿਜੈ ਸਿੰਘ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ਤਰ ਜੰਗਲ ਹੀ ਖਾਲਸੇ ਦਾ ਸ੍ਵਰਗ ਤੇ ਇੰਦ੍ਰਪੁਰੀਆਂ ਹੁੰਦੇ ਸਨ। ਕੋਈ ਜੰਗਲ, ਬਨ, ਬੇਲਾ, ਐਸਾ ਨਹੀਂ ਹੁੰਦਾ ਸੀ ਕਿ ਜਿਸ ਵਿਚ ਦਸ, ਪੰਜ ਯਾ ਸੋ ਸਿੱਖ ਸਿਰ ਲੁਕਾਈ ਦਿਨ-ਕਟੀ ਨਾ ਕਰ ਰਹੇ ਹੋਣ। ਜਿਸ ਵੇਲੇ ਦਾ ਅਸੀਂ ਉਤੇ ਸਮਾਚਾਰ ਦੱਸਿਆ ਹੈ, ਉਸ ਵਿਚ ਇਕ ਖੁਲ੍ਹੇ ਥਾਂ ਪੁਰ ਬਨ ਦੇ ਕੱਖ ਕੰਡਿਆਂ ਦੀ ਬਣੀ ਹੋਈ ਇਕ ਕੁੱਲੀ ਹੈ, ਜਿਸ ਦੇ ਉਦਾਲੇ ਕੰਡਿਆਂ ਦੀ ਵਾੜ ਦੇ ਕੇ ਝਿੜੀ ਜਿਹੀ ਬਣਾਈ ਹੋਈ ਹੈ, ਕੁੱਲੀ ਦੇ ਅੱਗੇ ਤੇ ਝਿੜੀ ਦੇ ਵਿਚ ਇਕ ਵਿਹੜਾ ਬੀ ਹੈ। ਇਹ ਝਿੜੀ ਬਨ-ਪਸ਼ੂਆਂ ਤੋਂ ਬਚਾਉ ਦੀ ਇਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ ਅਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ। ਥੋੜ੍ਹੀ ਦੂਰ ਪਰੇ ਇਕ ਛੰਭ ਹੈ ਜੋ ਮੀਂਹ ਦੇ ਜਲ ਨਾਲ ਅਥਵਾ ਦਰਿਯਾ ਦੇ ਉਛਲਣੇ ਨਾਲ ਭਰਪੂਰ ਰਹਿੰਦਾ ਹੈ। ਇਸ ਦਾ ਜਲ ਚੰਗਾ, ਮਿੱਠਾ ਤੇ ਸੁਥਰਾ ਰਹਿੰਦਾ ਹੈ। ਇਕ ਕੁਟੀਆ ਵਿਚ ਇਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ। ਸੂਰਜ ਦੇਉਤਾ ਧਰਤੀ ਦੇ ਉਹਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਉ ਵਾਲਾ ਚਾਨਣਾ, ਜੋ ਧੁੱਪ ਦੀ ਤੇਜ਼ੀ ਤੋਂ ਮੱਧਮ ਹੋ ਕੇ ਚਾਨਣੇ ਦੇ ਵਿਚਕਾਰ ਹੁੰਦਾ ਹੈ, ਆਪਣੀ ਅਚਰਜ ਰੌਣਕ ਨੂੰ ਬਨ ਦੀ ਸਾਦਗੀ ਵਾਂਗ ਇਕ ਟਿਕਾਉ ਵਾਲਾ ਤੇ ਸਾਦਾ ਸਮਾਂ ਬਣਾ ਰਿਹਾ ਹੈ। ਸੰਘਣੇ ਬਨਾਂ ਵਿਚ ਦਿਨ ਵੇਲੇ ਹੀ ਸੂਰਜ ਕਿਸੇ ਘੁੰਢ ਕੱਢੀ ਦੁਲਹਨ ਦੀ ਨਜ਼ਰ ਵਾਂਗੂੰ ਧੁੱਪ ਦੇ ਬਾਣ ਪੱਤਿਆਂ ਦੀਆਂ ਵਿੱਥਾਂ ਵਿਚੋਂ ਭੇਜਿਆ ਕਰਦਾ ਹੈ ਤੇ ਹੁਣ ਤਾਂ ਵੇਲਾ ਹੀ ਉਹ ਹੋ ਗਿਆ ਹੈ ਕਿ ਜਿਸ ਵੇਲੇ ਬੜੇ ਬੜੇ ਪਹਾੜਾਂ ਪਰ ਹੀ ਧੁੱਪ ਦੇ ਪਿੱਲੇ ਰੰਗ ਦਾ ਪ੍ਰਕਾਸ਼ ਕਿਸੇ ਦੇ ਘਟਦੇ ਪ੍ਰਤਾਪ ਵਾਂਗ ਦ੍ਰਿਸ਼ਟੀ ਪੈਂਦਾ ਹੈ। ਉਸ ਕੁੱਲੀ ਦੇ ਅੱਗੇ ਵਾੜ ਦੇ ਅੰਦਰ ਇਕ ਜਵਾਨ ਸੁੰਦਰ ਇਸਤ੍ਰੀ ਬੈਠੀ ਹੈ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਸੁੰਦਰਤਾ ਬੀ ਦੰਗ ਰਹਿ ਜਾਏ। ਇਸਦੇ ਸੁੰਦਰ ਚਿਹਰੇ ਨੂੰ ਧਰਮ, ਸਹਿਨ ਸ਼ੀਲਤਾ, ਪਤਿਬ੍ਰਤਾ ਭਾਵ ਤੇ ਭਜਨ ਨੇ ਐਸੀ ਅਚਰਜ ਰੰਗਤ ਦਿੱਤੀ ਹੈ ਕਿ ਸ਼ਰਈ ਮੁਸਲਮਾਨ ਦਾ

-੪੨-

Page 48

www.sikhbookclub.com