ਪੰਨਾ:ਬਿਜੈ ਸਿੰਘ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਵੀ ਸਿਜਦੇ ਵਿਚ ਝੁਕ ਜਾਵੇ। ਪਾਪ ਜਿਸ ਦੇ ਨੇੜੇ ਨਹੀਂ ਕਦੇ ਆਇਆ, ਛਲ ਕਪਟ ਦੀ ਇਹ ਕਦੇ ਜਾਣੂ ਨਹੀਂ ਹੋਈ। ਕਬੂਤਰ ਵਰਗਾ ਭੋਲਾ ਪਨ ਉਸ ਦੇ ਮਨਮੋਹਨ ਚਿਹਰੇ ਨੂੰ ਐਸਾ ਪ੍ਰਭਾਵ ਦੇ ਰਿਹਾ ਹੈ ਕਿ ਕਵੀਆਂ ਦੀ ਕਲਮ ਇਸ ਨੂੰ ਵਰਣਨ ਕਰਨ ਤੇ ਚਿੱਤ੍ਰਕਾਰ ਦੀ ਕਲਮ ਇਸ ਨੂੰ ਅੰਕਿਤ ਕਰਨ ਵੇਲੇ ਡੂੰਘੀਆਂ ਸੋਚਾਂ ਵਿਚ ਪੈ ਪੈ ਜਾਂਦੀਆਂ। ਹਾਂ ਕੋਈ ਈਸ਼ਵਰ ਭਗਤ ਹੀ ਉਸ ਧਰਮਾਵਤਾਰ ਇਸਤ੍ਰੀ ਦੀ ਦੈਵੀ ਸੁੰਦਰਤਾ ਨੂੰ ਸਮਝ ਸਕਦਾ ਹੈ ਕਿ ਆਤਮਾ ਦੀ ਨਿਰਮਲਤਾਈ ਇਨਸਾਨ ਦੇ ਚਿਹਰੇ ਵਿਚ ਕੋਈ ਅਚਰਜ ਤਰ੍ਹਾਂ ਦੀ ਸਤੋਗੁਣੀ ਰੌਣਕ ਭਰ ਦਿਆ ਕਰਦੀ ਹੈ। ਇਸ ਦੇ ਪਾਸ ਇਕ ਸੁੰਦਰ ਬਾਲਕ ਬੈਠਾ ਹੈ ਜੋ ਗਮਲੇ ਵਿਚ ਲੱਗੇ ਹੋਏ ਸਰੂ ਦੀ ਤਰ੍ਹਾਂ ਲੰਮਾਂ, ਪਤਲਾ ਤੇ ਸਡੌਲ ਹੈ। ਇਸਦਾ ਚਿਹਰਾ ਸੁੰਦਰ, ਭਲਾ ਤੇ ਦੂਰ ਦੀ ਸੋਝੀ ਵਾਲਾ ਜਾਪਦਾ ਹੈ, ਧਰਮ ਅਰ ਪਾਪ ਦੀ ਘ੍ਰਿਣਾਂ ਦਾ ਸੁਭਾਵ ਚਿਹਰੇ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਤਰਬੂਜ਼ ਦੀ ਅੰਦਰਲੀ ਲਾਲੀ ਬਾਹਰਲੇ ਸਾਵੇ ਛਿੱਲੜ ਦੇ ਵਿਚ ਦੀ ਪ੍ਰਤੀਤ ਹੋ ਜਾਂਦੀ ਹੈ।

ਇਹ ਦੋਵੇਂ ਮਾਂ ਪੁੱਤ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖਕੇ ਇਨ੍ਹਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਅਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹੁਰਾਸ ਦਾ ਪਾਠ ਕਰਨ ਲਈ ਬੈਠ ਗਏ। ਪਰ ਪਾਠ ਕਰਨ ਦੀ ਥਾਵੇਂ ਚੁਪ ਚਾਪ ਬੈਠ ਜਾਣ ਥੀਂ ਮਲੂਮ ਹੁੰਦਾ ਹੈ ਕਿ ਕਿਸੇ ਤੀਸਰੇ ਦੀ ਉਡੀਕ ਕਰ ਰਹੇ ਹਨ ਜੋ ਥੋੜੇ ਹੀ ਚਿਰ ਵਿਚ ਪੂਰੀ ਹੋ ਗਈ ਕਿ ਇਕ ਸੂਰਜ ਵਰਗੇ ਖਿੜੇ ਤੇ ਚੰਦ ਵਰਗੇ ਹਸਮੁੱਖ ਚਿਹਰੇ ਵਾਲੇ ਸੱਜਣ ਆ ਪਹੁੰਚੇ ਅਰ ਆਪਣੀ ਝੁੱਗੀ ਦੀ ਵਾੜ ਦੇ ਵਿਹੜੇ ਵਿਚ ਆਕੇ ਕੁਝ ਪੈਸੇ ਇਸਤ੍ਰੀ ਦੇ ਹੱਥ ਧਰੇ ਤੇ ਕਪੜੇ ਲਾਹ ਮੂੰਹ ਹੱਥ ਧੋ ਕੇ ਪਾਠ ਕਰਨ ਬੈਠ ਗਏ। ਬੀਬੀ ਨੇ ਪਾਠ ਕੀਤਾ ਅਰ ਦੋਵੇਂ ਜਣੇ ਪ੍ਰੇਮ ਨਾਲ ਉਸ ਦੇ ਮਧੁਰ ਪਾਠ ਨੂੰ ਸੁਣਦੇ ਰਹੇ। ਜਦ ਭੋਗ ਪਾ ਕੇ ਅਰਦਾਸਾ ਸੋਧ ਚੁਕੇ, ਤਦ ਬੀਬੀ ਨੇ ਲੂਣ ਪਾ ਕੇ ਸਾਦੇ ਪ੍ਰਸ਼ਾਦੇ ਤਿਆਰ ਕਰ ਲਏ, ਨਾ ਹੀ ਘਿਉ ਲੱਗਾ ਰੋਟੀਆਂ ਨੂੰ ਤੇ ਨਾ ਹੀ

-੪੩-

Page 49

www.sikhbookclub.com