ਪੰਨਾ:ਬਿਜੈ ਸਿੰਘ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਹਾ! ਨਾ; ਮਾਰ ਮੈਂ ਝੂਠਾ ਨਹੀਂ ਹਾਂ, ਹਾ! ਤਰਸ ਕਰ, ਤਰਸ; ਹੁਣ ਨੇੜੇ ਹੈ, ਊਈ ਹਾਏ ਨੇੜੇ! ਹਾ ਨੇੜੇ! ਹਾਇ ਨਾ ਮਾਰ! ਮਰ ਗਿਆ, ਗਰੀਬ ਮਰ ਗਿਆ, ਹਾ ਰਾਮ! ਹਾ ਰਾਮ!! ਹਾ ਰਾਮ!!!

ਝੁੱਗੀ ਦੀ ਇਕ ਝੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ, ਤਾਂ ਕੀ ਨਜ਼ਰ ਪਿਆ, ਇਕ ਪਤਲੇ ਜਿਹੇ ਮਨੁੱਖ ਨੂੰ ਇਕ ਤੁਰਕ ਪਿਆਦੇ ਨੇ ਫੜਿਆ ਹੈ, ਦੋਂਹ ਨੇ ਬਾਹਾਂ ਫੜ ਰੱਖੀਆਂ ਹਨ ਅਰ ਇਕ ਜਣਾ ਚੁਪੇੜਾਂ ਮਾਰਦਾ ਤੇ ਕਹਿੰਦਾ ਹੈ: 'ਮਰਦੂਦ ਕੰਡਿਆਂ ਵਿਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ।’ ਜਿਸ ਨੂੰ ਮਾਰ ਪੈਂਦੀ ਹੈ, ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡੋ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ: ਕੋਈ ਕਦਮਾਂ ਦੀ ਕਸਰ ਹੈ। ਪਰ ਓਹ ਇਕ ਨਹੀਂ ਸੁਣਦੇ। ਸਿੰਘਣੀ ਦੇ ਨੂਰੀ ਚਿਹਰੇ ਤੇ ਵੱਟ ਤੇ ਵੱਟ ਪੈਣ ਤੇ ਬਦਲਣ ਲੱਗੇ, ਜਿੱਕੁਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਉੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਝ ਲਾਉਣ ਕਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ, ਅਰ ਪੁੱਤ੍ਰ ਨੂੰ ਛਾਤੀ ਨਾਲ ਲਾ ਕੇ ਬੋਲੀ:- ਪੁੱਤ੍ਰ! ਬ੍ਰਾਹਮਣ ਸੱਚ ਮੁਚ ਦੁਸ਼ਟ ਹੈ, ਦਿਲ ਤਾਂ ਮੇਰਾ ਬੀ ਘਾਬਰਦਾ ਰਿਹਾ ਹੈ ਪਰ ਮੈਂ ਆਪਾ ਸੰਭਾਲਦੀ ਰਹੀ ਹਾਂ, ਤੂੰ ਸੱਚਾ ਹੈਂ, ਲੈ ਹੁਣ ਤਕੜਾ ਹੋ। ਹੁਣ ਬਹਾਦਰੀ ਦਾ ਵੇਲਾ ਅਰ ਪਿਤਾ ਦੇ ਉਪਦੇਸ਼ਾਂ ਨੂੰ ਸਫਲ ਕਰਨ ਦਾ ਸਮਾਂ ਹੈ। ਪਰ ਆ ਪਹਿਲੇ ਅਰਦਾਸ ਕਰੀਏ। ਝੱਟ ਦੋਵੇਂ ਹੱਥ ਜੋੜ ਖਲੋਤੇ: ‘ਹੇ ਕਲਗੀਧਰ ਫੌਜਾਂ ਦੇ ਵਾਲੀ ਗੁਰੂ! ਹੇ ਦੀਨਾਂ ਬੰਧੂ ਅਕਾਲ ਪੁਰਖ! ਇਸ ਵੇਲੇ ਆਪ ਦੇ ਭਾਣੇ ਵਿਚ ਸ਼ਤਰੂ ਦਲ ਸਿਰ ਚੜ੍ਹ ਆਇਆ ਹੈ, ਅਰ ਹੱਥੋ ਹੱਥ ਟਾਕਰਾ ਆ ਪਿਆ ਹੈ, ਮੈਂ ਨਿਰਬਲ ਤੀਵੀਂ ਤੇ ਇਹ ਅਞਾਣਾ ਬਾਲ ਹੈ, ਮੁਕਾਬਲਾ ਬੁਰਛਿਆਂ ਦਾ ਹੈ। ਤੂੰ ਪਤਿਤ ਪਾਵਨ ਤੇ ਗ਼ਰੀਬਾਂ ਦਾ ਸਹਾਈ ਹੈਂ, ਇਸ ਵੇਲੇ ਆਪਣਾ ਬਲ ਬਖ਼ਸ਼ ਜੋ ਵੈਰੀ ਦਲ ਦਾ ਟਾਕਰਾ ਕਰੀਏ

-੫੨-

Page 58

www.sikhbookclub.com