ਪੰਨਾ:ਬਿਜੈ ਸਿੰਘ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ-ਤੂੰ ਕੋਈ ਖੋਟਾ ਕਰਮ ਕਰਦੇ ਉਸ ਨੂੰ ਡਿੱਠਾ ਹੈ?

ਪੁੱਤ੍ਰ- ਨਹੀਂ ਜੀ!

ਮਾਂ-ਫੇਰ ਕਿਉਂ ਉਸਨੂੰ ਬੁਰਾ ਸਮਝਦੇ ਹੋ; ਲਾਲ ਜੀ! ਨਿਰਾ ਸ਼ੱਕ ਕਰਨਾ ਚੰਗਾ ਨਹੀਂ, ਪੱਕੀ ਖ਼ਬਰ ਬਿਨਾਂ ਕਿਸੇ ਨੂੰ ਬੁਰਾ ਕਹਿਣਾ ਭਲਿਆਂ ਦਾ ਕੰਮ ਨਹੀਂ ਹੈ।

ਪੁੱਤ੍ਰ-ਮਾਂ ਜੀ! ਮੇਰੇ ਜੀ ਵਿਚ ਪੱਕੀ ਗੱਲ ਬਹਿ ਗਈ ਹੈ, ਕਿਸੇ ਤਰ੍ਹਾਂ ਨਹੀਂ ਉੱਠਦੀ।

ਮਾਂ (ਨਿਮੋਝੂਣੀ ਹੋ ਕੇ)-ਮੇਰੇ ਲਾਲ!ਤੇਰੇ ਜੀ ਵਿਚ ਸ਼ੱਕ ਵੜ ਗਿਆ ਹੈ, ਇਹ ਮਨੁੱਖ ਦਾ ਭਾਰਾ ਵੈਰੀ ਹੈ, ਹਿਰਦੇ ਨੂੰ ਖ਼ਰਾਬ ਕਰ ਦਿੰਦਾ ਹੈ! ਹਿਰਦੇ ਦੇ ਸਿੰਘਾਸਨ ਨੂੰ ਪਰਮੇਸ਼ੁਰ ਦੇ ਬਿਰਾਜਮਾਨ ਹੋਣ ਦੇ ਲਾਇਕ ਨਹੀਂ ਰਹਿਣ ਦਿੰਦਾ! ਬੱਚਾ ਜੀਓ! ਇਹ ਆਤਮਕ ਰੋਗ ਹੈ, ਆ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੀਏ ਜੋ ਰੋਗ ਕੱਟਿਆ ਜਾਏ।

ਕੰਮ ਛੱਡਕੇ ਮਾਂ ਪੁੱਤ੍ਰ, ਕੁਟੀਆ ਦੇ ਅੰਦਰ ਗਏ, ਅਰ ਹੱਥ ਜੋੜਕੇ ਮਾਂ ਨੇ ਬੱਚੇ ਵਾਸਤੇ ਬੇਨਤੀ ਕੀਤੀ:— ‘ਹੇ ਅਕਾਲ ਪੁਰਖ ਕਰੁਣਾਮਯ ਜਗਦੀਸ਼੍ਵਰ! ਇਹ ਤੇਰਾ ਨਿਆਣਾ ਬਾਲਕ ਹੈ, ਇਸਦੇ ਹਿਰਦੇ ਵਿਚ ‘ਸ਼ੱਕ' ਵੜ ਗਿਆ ਹੈ, ਸਾਨੂੰ ਨਿਮਾਣਿਆਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਜਿਸ ਕਰਕੇ ਇਸ ਦੁੱਖ ਦਾ ਇਲਾਜ ਕੀਤਾ ਜਾਵੇ, ਤੇਰੀ ਸ਼ਰਨ ਪਏ ਹਾਂ, ਸੋ ਕਿਰਪਾ ਕਰਕੇ ਆਪਣੀ ਮਿਹਰ ਦੇ ਜਲ ਨਾਲ ਇਸ ਦਾਸ ਦੇ ਹਿਰਦੇ ਨੂੰ ਸ਼ੱਕ ਤੇ ਸੂਗ ਤੋਂ ਧੋ ਦੇਵੋ ਅਰ ਨਿਰਮਲ ਕਰ ਦਿਓ। ਸਾਡੇ ਨਿਆਸਰਿਆਂ ਦਾ ਤੂੰ ਆਸਰਾ ਹੈਂ, ਤੇਰੇ ਬਾਝ ਸਾਡਾ ਕੋਈ ਨਹੀਂ। ਜਿੱਕਰ ਭਿਆਨਕ ਬਨਾਂ ਵਿਚ ਡਰਾਉਣੇ ਪਸ਼ੂਆਂ ਤੋਂ ਸਾਡੀ ਰੱਖਿਆ ਕਰਦੇ ਹੋ, ਸੰਸਾਰ ਦੇ ਸਾਰੇ ਪਾਪਾਂ ਤੋਂ ਇਵੇਂ ਸਾਡੇ ਮਨ ਦੀ ਰੱਖਿਆ ਕਰੋ, ਅਰ ਸਾਡੇ ਮਨਾਂ ਨੂੰ ਸੁਥਰਾ ਕਰ ਕੇ ਆਪਣੇ ਚਰਨਾਂ ਦੇ ਲਾਇਕ ਸਿੰਘਾਸਣ ਬਣਾਓ।’

ਇਸ ਪਰਕਾਰ ਦੀ ਪ੍ਰਾਰਥਨਾ ਕਰ ਕੇ ਜਾਂ ਸਿੰਘਣੀ ਨੇ ਨੇਤਰ ਖੋਲ੍ਹੇ ਤਦ ਕੰਨਾਂ ਵਿਚ ਇਕ ਰੌਲੇ ਦੀ ਅਵਾਜ਼ ਪਈ।

-੫੧-

Page 57

www.sikhbookclub.com