ਪੰਨਾ:ਬਿਜੈ ਸਿੰਘ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਤੋਖੀਆਂ ਲਈ ਬੜੀ ਹੁੰਦੀ ਸੀ। ਕੈਸੀ ਅਚਰਜ ਦਸ਼ਾ ਹੈ ਕਿ ਸਿਖ ਉਸ ਸਮੇਂ ਰਾਜ ਭਾਗਾਂ ਨੂੰ ਛਡ ਕੇ ਕੰਗਾਲਤਾਈ ਅਰ ਕੈਦਾਂ, ਦੇਸ਼ ਨਿਕਾਲੇ ਤੇ ਡਾਢੇ ਕਸ਼ਟਾਂ ਵਿਚ ਪੈਕੇ ਸਿੱਖੀ ਧਰਮ ਦਾ ਨਿਰਬਾਹ ਕਰਦੇ ਸਨ? ਉਨ੍ਹਾਂ ਦੇ ਪੂਰਨਿਆਂ ਤੇ ਸਭ ਸਿੱਖਾਂ ਨੂੰ ਟੁਰਨਾ ਚਾਹੀਏ। ਸਿੱਖੀ ਧਾਰਨ ਤੇ ਨਿਬਾਹੁਣ ਵਿਚ ਹੀ ਆਪਣੀ ਕਲ੍ਯਾਣ ਤੇ ਪੰਥ ਦੀ ਤਾਕਤ ਹੈ।

ਪ੍ਰੋਹਿਤ ਦੇ ਵਿਦਾ ਹੋਣ ਤੋਂ ਤੀਸਰੇ ਦਿਨ ਸੂਰਜ ਢਲੇ ਸਿੰਘ ਜੀ ਸ਼ਹਿਰ ਵਿਚ ਟੋਕਰੀਆਂ ਵੇਚਣ ਗਏ, ਪਿੱਛੇ ਸ਼ੀਲ ਕੌਰ ਤੇ ਭੁਜੰਗੀ ਆਪਣੀ ਕਾਰੇ ਲੱਗੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ:-

ਪੁੱਤ੍ਰ, ਮਾਂ ਜੀ! ਇਹ ਬ੍ਰਾਹਮਣ ਮੈਨੂੰ ਚੰਗਾ ਨਹੀਂ ਲੱਗਾ।

ਮਾਂ-ਕਾਕਾ ਜੀ! ਕਿਉਂ?

ਪੁੱਤ੍ਰ-ਮਾਂ ਜੀ! ਇਹ ਪਤਾ ਨਹੀਂ ਕਿਉਂ ਪਰ ਅੱਖਾਂ ਨੂੰ ਭਾਇਆ ਨਹੀਂ।

ਮਾਂ-ਬਰਖ਼ੁਰਦਾਰ! ਕਲ੍ਹ ਤੇਰੇ ਪਿਤਾ ਜੀ ਨੇ ਕਥਾ ਕੀਤੀ ਸੀ ਅਰ ਇਹ ਦੱਸਿਆ ਸੀ ਕਿ ਜਾਤ ਕਰਕੇ ਕਿਸੇ ਨੂੰ ਭਲਾ ਬੁਰਾ ਜਾਣਨਾ ਸਾਡੇ ਧਰਮ ਵਿਚ ਠੀਕ ਨਹੀਂ ਅਰ ਨਾ ਹੀ ਰੂਪ ਕਰਕੇ ਕਿਸੇ ਨੂੰ ਚੰਗਾ ਮੰਦਾ ਸਮਝਣਾ ਭਲੀ ਗੱਲ ਹੈ। ਚੰਗਿਆਈ ਤੇ ਮੰਦਿਆਈ ਕਰਮਾਂ ਕਰ ਕੇ ਹੁੰਦੀ ਹੈ; ਜਿਸ ਦੇ ਕਰਮ ਨੀਚ ਉਹ ਆਪ ਭੀ ਨੀਚ।

ਪੁੱਤ੍ਰ-ਫੇਰ ਮਾਂ ਜੀ! ਤੁਰਕਾਂ ਨਾਲ ਕਿਉਂ ਸਿੰਘ ਲੜਦੇ ਹਨ?

ਮਾਂ-ਕਾਕਾ ਜੀ! ਇਸ ਲਈ ਨਹੀਂ ਕਿ ਓਹ ਤੁਕ ਹਨ, ਜਾਂ ਉਹ ਧਰਮ ਕਰਕੇ ਮੁਸਲਮਾਨ ਹਨ ਜਾਂ ਰੰਗ ਦੇ ਕਾਲੇ ਚਿੱਟੇ ਜਾਂ ਸੂਰਤ ਦੇ ਕੋਝੇ ਕਿ ਸੋਝੇ ਹਨ, ਪਰ ਇਸ ਲਈ ਕਿ ਇਸ ਵੇਲੇ ਰਾਜਤਕਾਂ (ਮੁਗਲਾਂ) ਦਾ ਹੈ, ਉਨ੍ਹਾਂ ਦੇ ਕਰਮ ਮੰਦੇ ਹਨ। ਕਰਤਾਰ ਨੇ ਉਨ੍ਹਾਂ ਨੂੰ ਰਾਜ ਦਿੱਤਾ ਹੈ ਅਰ ਉਹ ਰਾਜ ਅੰਨ੍ਯਾਯ ਦਾ ਕਰਦੇ ਹਨ, ਧਰਮ ਅਰਨਿਆਂ ਦਾ ਰਾਜ ਨਹੀਂ ਕਰਦੇ। ਬਿਨਦੋਸ਼ਿਆਂ ਨੂੰ ਮਾਰਦੇ ਅਰ ਅਨਾਥਾਂ ਪੁਰ ਜ਼ੁਲਮ ਕਰਦੇ ਹਨ।

ਪੁੱਤ੍ਰ-ਠੀਕ ਹੈ, ਪਰ ਮਾਂ ਜੀ! ਫੇਰ ਭੀ ਮੈਨੂੰ ਬ੍ਰਾਹਮਣ ਚੰਗਾ ਨਹੀਂ ਲੱਗਾ-ਖਬਰੇ; ਮਾਂ ਜੀ! ਉਸ ਦੇ ਕਰਮ ਖੋਟੇ ਹੀ ਹੋਣ?

-੫੦-

Page 56

www.sikhbookclub.com