ਪੰਨਾ:ਬਿਜੈ ਸਿੰਘ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਕ ਪੰਥ ਦੋ ਕਾਜ! ਏਸ ਗਿਰਾਂ ਇਕ ਤੁਰਕ ਸਿਰਕਰਦਾ ਵੱਸਦਾ ਹੈ ਅੱਸੀ ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ। ਇਥੇ ਤਿੰਨ ਸਿੱਖ ਹਨ, ਅੱਸੀ ਤਿਆਂ ਦੋ ਸੌ ਚਾਲੀ, ਵਾਹ ਵਾਹ ਨਾਲੇ ਗੱਫਾ ਹੱਥ ਲੱਗੇਗਾ। ਨਾਲੇ ਮੇਰੇ ਜੀ ਦੀ ਖੁਤਖਤੀ ਮਿਟ ਜਾਵੇਗੀ ਹੇ ਮਰੇ ਦਿਲ ਇਹ ਕੀ ਫੁਰਨਾ ਹੈ? ਪਾਪ ਬੁਰਾ; ਇਕ ਕਰੋ ਤਾਂ ਉਸ ਨੂੰ ਠੱਲ੍ਹਣ ਲਈ ਇਕ ਹੋਰ ਦੀ ਲੋੜ ਪੈਂਦੀ ਹੈ। ਉਸ ਨੂੰ ਠੱਲ੍ਹਣ ਲਈ ਫੇਰ ਇਕ ਹੋਰ ਦੀ, ਐਉਂ ਇਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫੇਰ ਬੇਆਸਰਾ ਹੀ ਰਹਿੰਦੀ ਹੈ। ਹਾਂ ਹਾਂ ਪਰ ਸਿੱਖ ਤਾਂ ਸਿਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ। ਏਹ ਤਾਂ ਆਪ ਮੌਤ ਨੂੰ ਵਾਜਾਂ ਮਾਰਦੇ ਫਿਰਦੇ ਹਨ, ਇਨ੍ਹਾਂ ਦਾ ਮਾਰਿਆ ਜਾਣਾ ਇਨ੍ਹਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ। ਇਸ ਵਿਚ ਦੋਸ਼ ਤਾਂ ਨਹੀਂ ਇਹ ਤਾਂ ਪੁੰਨ ਹੀ ਹੈ। ਮੈਂ ਬੀ ਕੈਸਾ ਦਾਨਾ ਹਾਂ ਲੋਕ ਏਕ ਪੰਥ ਦੋ ਕਾਜ ਕਰਦੇ ਹਨ, ਮੈਂ ਇਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ। ਇਕ ਤਾਂ ਗੱਫਾ ਹੋਰ ਲੱਝੇਗਾ, ਇਕ ਮੇਰੇ ਮਨ ਦਾ ਕੰਟਕ ਮਰੇਗਾ; ਇਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ।

੮. ਕਾਂਡ।

ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸੁੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੋ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਫੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ-ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ

-੪੯-

Page 55

www.sikhbookclub.com