ਪੰਨਾ:ਬਿਜੈ ਸਿੰਘ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰ ਗੁਰੂ ਦੇ ਰਸਤੇ ਦੇਣਾ ਮਹਾਂ ਸੁਖਦਾਈ ਹੈ! ਫੇਰ ਮੈਂ ਇਸ ਮਿਟੀ ਦੇ ਪੁੱਤਰ* ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖ਼ੁਸ਼ੀ ਨਾਲ ਨਾ ਦੇਵਾਂ?

ਇਹ ਕਹਿ ਮੁੰਦਰੀ ਲਾਹ ਦਿਤੀ; ਜੋ ਪੰਡਤ ਹੁਰਾਂ ਨੂੰ ਦਿਤੀ ਗਈ। ਪੰਡਤ ਜੀ ਨੇ ਇਕ ਵੇਰੀ ਵੀ ਨਾਂਹ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਅਰ ਤੁਰ ਪਿਆ। ਰਾਹ ਵਿਚ ਨਖਰੇ ਕਰ ਕਰ ਕੇ ਤੁਰੇ ਇਹ ਬਹਾਨਾ ਬਣਾਵੇ ਕਿ ਤੁਰ ਨਹੀਂ ਹੁੰਦਾ। ਸੋ ਬਿਜੈ ਸਿੰਘ ਜੀ ਨੇ ਕਈ ਥਾਂ ਚੁਕ ਚੁਕ ਕੇ ਉਸ ਨੂੰ ਜੰਗਲੋਂ ਪਾਰ ਪੁਚਾਇਆ। ਫੇਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿਚ ਪਹੁੰਚੇ।

ਆਪਣਾ ਕੰਮ ਸਿਰੇ ਚੜ੍ਹਾ ਕੇ ਪੰਡਤ ਹੁਰੀਂ ਜਿਸ ਗਿਰਾਂ ਉਤਰੇ ਹੋਏ ਸੇ ਓਥੇ ਆਪਣੇ ਡੇਰੇ ਅੱਪੜੇ, ਲਗੇ ਹੁਣ ਸੋਚਾਂ ਦੇ ਘੋੜੇ ਦੁੜਾਉਣ ਕਿ ਬਹੁਤ ਹੱਛਾ ਕੰਮ ਭੁਗਤ ਗਿਆ, ਸਾਰਾ ਰੁਪੱਯਾ ਪਚ ਗਿਆ ਅਰ ਪਤ ਬੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸਚਾ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਯਾ ਹਾਂ ਤੇ ਧਨ ਪੁਚਾ ਦਿੱਤਾ ਹੈ। ਇਹ ਉਨ੍ਹਾਂ ਦੀ ਨਿਸ਼ਾਨੀ ਹੈ। ਵਾਹ ਵਾਹ, ਖ਼ੂਬ ਸੱਪ ਮਾਰਿਆ ਤੇ ਲਾਠੀ ਭੀ ਬਚਾਈ। ਪਰ ਨਹੀਂ, ਭੁੱਲ ਕਰਦਾ ਹਾਂ, ਇਹ ਸਿਖ ਬੜੇ ਅਫ਼ਲਾਤੂਨ ਹਨ, ਕੀ ਪਤਾ ਹੈ ਮੀਰ ਮੰਨੂੰ ਦਾ ਅੰਨਯਾਈਂ ਤੇ ਕਰੜਾ ਰਾਜ ਇਨ੍ਹਾਂ ਦੇ ਹੱਥੀਂ ਝਬਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ, ਫੇਰ ਬਿਜੈ ਸਿੰਘ ਮਾਂ ਨੂੰ ਮਿਲੇ ਤੇ ਮੇਰਾ ਪੋਲ ਖੁਲ੍ਹ ਜਾਏ? ਉਸ ਵੇਲੇ ਤਾ ਕਿਤੋ ਹਡੀ ਬੋਟੀ ਬੀ ਨਾ ਲੱਭੇਗੀ। ਮੈਂ ਵਰਮੀ ਮਾਰ ਚਲਿਆ ਹਾਂ, ਸੱਪ ਭੀ ਮਰੇ ਤਦ ਆਨੰਦ ਹੈ, ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸਚਿੰਤ ਹੋ ਜਾਈਏ, ਜੋ ਮਨ ਨੂੰ ਖੁਤ-ਖੁਤੀ ਲਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੇ ਮੇਰੇ ਸਿਆਣੇ ਮਨ! ਕੋਈ ਹੋਰ ਜੁਗਤਿ ਕੱਢ ਜਿਸ ਕਰ ਕੇ ਨਿਸਚਿੰਤ ਹੋ ਜਾਈਏ (ਅੱਖਾਂ ਬੰਦ ਸਿਰ ਨੀਵਾਂ ਪਾ ਲਿਆ) ਆਹ! ਕਿਹੀ ਦੂਰ ਦੀ ਸੁਝੀ ਹੈ!


*ਭਾਵ ਸੋਨਾ।

-੪੮-

Page 54

www.sikhbookclub.com