ਪੰਨਾ:ਬਿਜੈ ਸਿੰਘ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਛਾ ਹੁਣ ਪਿਛੇ ਮੁੜੀਏ ਪੱਕੀਆਂ ਨਿਸ਼ਾਨੀਆਂ ਰੱਖ ਲਈਏ, ਮਤਾ ਫ਼ੇਰ ਕੁਪੱਤੇ ਅਹਿਦੀਆਂ ਤੋਂ ਦੁੱਖ ਮਿਲੇ। ਚਲ ਮਨਾ ਚੱਲੀਏ, ਲੱਤਾਂ ਪਤਲੀਆਂ ਹਨ, ਛੇਤੀ ਕਿੱਕੁਰ ਪੁੱਜੀਏ? ਹੌਂਸਲਾ ਕਰ ਹੇ ਮਨ! ਦੇਖ ਸਹੇ ਦੀਆਂ ਲੱਤਾਂ ਪਤਲੀਆਂ, ਬਾਰਾਂ ਸਿੰਗੇ ਦੀਆਂ ਲੱਤਾਂ ਪਤਲੀਆਂ, ਕਿਹੇ ਭੱਜਦੇ ਹਨ? ਪਰ ਨਹੀਂ {ਪੱਟਾਂ ਤੇ ਹੱਥ ਮਾਰ ਕੇ) ਮੈਂ ਤਾਂ ਅਲੰਕਾਰ ਰਚਨਾ ਵੀ ਭੁੱਲ ਗਿਆ, ਮੈਂ ਆਪਣੀਆਂ ਲੱਤਾਂ ਨੂੰ ਸ਼ਿਕਾਰਾਂ ਨਾਲ ਉਪਮਾ ਦਿੱਤੀ ਹੈ, ਮੈਂ ਕੋਈ ਸ਼ਿਕਾਰ ਹਾਂ? ਮੈਂ ਤਾਂ ਸ਼ਿਕਾਰੀ ਹਾਂ ਹੱਛਾ ਹੁਣ ਸ਼ਿਕਾਰੀ ਬਣੀਏ। ਪੜ੍ਹਿਆ ਤਾਂ ਸੀ ਕਿ ਅਹਿੰਸਾ ਹਿ ਪਰਮੋਂ ਧਰਮਾ* ਤੇ ਮੈਂ ਬਣ ਗਿਆ ਸ਼ਿਕਾਰੀ। ਪਰ ਕੀ ਡਰ ਹੈ, ਜੋ ਸ਼ਿਕਾਰੀ ਨਾ ਹੁੰਦੇ ਤਾਂ ਮਹਾਤਮਾ ਦੇ ਬੈਠਣ ਵਾਸਤੇ ਮ੍ਰਿਗ ਛਾਲਾ ਕਿਥੋਂ ਆਉਂਦੀਆਂ? ਕਸਤੂਰੀ ਕਿਥੋਂ ਬਣਦੀ? ਇਹ ਪਰਉਪਕਾਰ ਹੈ। ਇਹ ਮਨ ਸਹੁਰਾ ਬਹੁਤ ਖੋਟਾ ਹੈ, ਕਹਿੰਦਾ ਹੈ ਤੂੰ ਮਾੜਾ ਕਰਨ ਲੱਗਾ ਹੈਂ। ਮਨਾਂ! ਤਕੜਾ ਹੋ, ਤੈਨੂੰ ਕਿੰਨੀ ਰਾਜਨੀਤਿ ਪੜ੍ਹਾਈ, ਪਰ ਤੂੰ ਕੋਈ ਕੋਈ ਆਵਾਜ਼ ਅੰਦਰੋਂ ਕੱਢ ਹੀ ਮਾਰਦਾ ਹੈਂ। ਹੋ ਮੇਰੇ ਹੰਭਲੇ ਉੱਦਮ ਕਰ ਅਰ ਇਸ ਘਰ ਦੇ ਵੈਰੀ ਆਪਣੇ ਮਨ ਨੂੰ ਨੱਪ ਲੈ। ਦੇਖ, ਇਹ ਰਾਜਨੀਤੀ ਤੇ ਸੂਰਬੀਰਤਾ ਦੇ ਉਲਟ ਚਲਦਾ ਹੈ। ਉਠ ਤਕੜਾ ਹੋਹੁ, ਉਠ ਹੌਂਸਲੇ ਉਠ! ਦੇਖ ਮੇਰਾ ਆਪਣਾ ਹੀ ਮਨ ਮੇਰਾ ਪ੍ਰਣ ਛੁਡਾਉਂਦਾ ਹੈ। ਆਹਾ ਆਹਾ, ਵਾਹ ਵਾਹ, ਮਨ ਬੀ ਮੰਨ ਪਿਆ, ਹੁਣ ਮੌਜ ਹੋਈ ਜਿਸ ਘਰ ਏਕਾ ਨਹੀਂ ਉਸ ਦਾ ਸਤਯਾਨਾਸ ਹੋ ਜਾਂਦਾ ਹੈ। ਹੰਭਲੇ ਭਈ ਹੰਭਲੇ, ਚੱਲ ਛੂਟ ਕਰ ਚਲੋਂ, ਮੇਰੀਓ ਟੰਗੋ ਟੁਰੋ। ਮਨਾ! ਦੇਖ ਪਰਸਰਾਮ ਬ੍ਰਾਹਮਣ ਸੀ ਪਰ ਕੈਸਾ ਸੂਰਬੀਰ ਹੋਇਆ, ਤੂੰ ਬੀ ਬ੍ਰਹਮਣ ਹੈਂ, ਤਕੜਾ ਹੋ। ਇਹ ਸੋਚ ਕਰਦਿਆਂ ਅੰਤਹਕਰਣ ਤੋਂ ਫੇਰ ਕੁਛ ਸੋਚ ਫੁਰੀ ਕਿ ਮੈਂ ਕੀਹ ਪਿਆ ਕਰਦਾ ਹਾਂ। ਫਿਰ ਉਸ ਆਵਾਜ਼ ਨੂੰ ਠੰਢਿਆਂ ਕਰਨ ਲਈ ਆਪ ਮਨ ਨੂੰ ਕਹਿਣ ਲੱਗੇ:- ਮੈਂ ਸਰਵਣ ਪੁੱਤ੍ਰ ਹਾਂ, ਮੇਰਾ ਪਿਤਾਮਾ ਪਰਸ ਰਾਮ ਮੈਨੂੰ ਬਚਾਵੇਗਾ, ਪਿਤ੍ਰੀ


*ਕਿਸੇ ਨੂੰ ਨਾ ਮਾਰਨਾ ਹੀ ਵੱਡਾ ਧਰਮ ਹੈ।

-੬੦-

Page 66

www.sikhbookclub.com