ਪੰਨਾ:ਬਿਜੈ ਸਿੰਘ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀ ਵਰਗੀ ਤੈਰਾਉਣ ਵਾਲੀ ਸ਼ਕਤੀ ਕਰ ਕੇ ਫੇਰ ਹੋਸ਼ ਵਿਚ ਆਏ। ਇਹ ਉਹ ਸ਼ਕਤੀ ਹੈ ਜੋ ਯੋਗੀਆਂ ਦੀ ਸਮਾਧ ਨਹੀਂ ਲੱਗਣ ਦੇਂਦੀ ਅਰ ਧਿਆਨੀਆਂ ਦਾ ਧਿਆਨ ਨਹੀਂ ਟਿਕਣ ਦਿੰਦੀ ਪਰ ਇਸ ਵੇਲੇ ਤਾਂ ਸਿੰਘ ਜੀ ਨੂੰ ਇਹ ਸ਼ਕਤੀ ਐਸੀ ਗੁਣਦਾਇਕ ਹੋ ਗਈ ਜਿੱਕੁਰ ਸਿਆਲ ਦਾ ਮੀਂਹ ਖ਼ਲਕਤ ਨੂੰ ਪਾਲੇ ਦਾ ਦੁੱਖ ਦਿੰਦਾ ਹੈ, ਪਰ ਖੇਤੀ ਲਈ ਗੁਣਕਾਰ ਹੁੰਦਾ ਹੈ!

ਹੁਣ ਸਿੰਘ ਜੀ ਹੋਸ਼ ਵਿਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਤ ਦੁੜਾਉਣ ਲੱਗੇ, ਇਕ ਪਾਸੇ ਇਕ ਕੰਧ ਜਿਹੀ ਰੁੱਖਾਂ ਦੇ ਲਾਂਭੇ ਜਿਹੇ ਦਿੱਸੀ। ਆਪ ਦੇ ਪੈਰ ਉਸ ਰੁੱਖ ਟੱਬਰ ਸਮੇਤ ਚਲੇ ਗਏ, ਜਾ ਕੇ ਕੀ ਡਿੱਠਾ ਕਿ ਕੋਈ ਪੁਰਾਣਾ ਢੱਠਾ ਹੋਇਆ ਮਕਾਨ ਹੈ ਅਰ ਇੱਕ ਰਾਤ ਕੱਟਣ ਲਈ ਸਿਰ ਲੁਕਾਉਣ ਦੀ ਜਗ੍ਹਾ ਬਥੇਰੀ ਹੈ। ਇੱਕ ਉਚੇਰੀ ਥਾਂ ਤੇ ਖੜੋ ਤੇ ਚਾਰ ਚੁਫੇਰੇ ਨਜ਼ਰ ਦੁੜਾਈ; ਤਸੱਲੀ ਕਰ ਕੇ ਆਪ ਨੇ ਉਤਾਰਾ ਕਰ ਦਿੱਤਾ।

ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਉਹਲੇ ਹੁੰਦੇ ਹੀ ਪਿਛੇ ਉਨ੍ਹਾਂ ਦੇ ਸ੍ਰੀ ਪ੍ਰੋਹਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ ਜਿੱਕਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜ ਪੁਰ ਹੱਥ ਫੇਰਕੇ ਕਹਿਣ ਲੱਗੇ: ਵਾਹ ਬਈ ਉਸਤਾਦ! ਮੈਂ ਤਾਂ ਸੂਰਜ ਨੂੰ ਬੁਤਕੇ ਵਿਚ ਨੱਪ ਲਿਆ। ਇਹ ਚਲਾਕ ਸਿਖ ਕਿੱਡੋ ਪੇਚ ਨਾਲ ਜਿੰਦ ਬਚਾਉਂਦਾਂ ਹੈ, ਪਰ ਮੈਂ ਬੀ ਕਿਹਾ ਕ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ ਮੱਖੀ ਪਿਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ ਮੱਛਰ ਖਹਿੜਾ ਨਹੀਂ ਛੱਡਦਾ। ਹੁਣ ਹੇ ਪੰਡਤ ਜੀ ਮਹਾਰਾਜ! ਰਿਖੀ ਰਾਜ ਜੀ! ਕੋਈ ਢੰਗ ਐਸਾ ਕਰੋ ਕਿ ਸੱਪ ਕੁੱਜੇ ਵਿਚ ਪਿਆ ਹੀ ਮਾਰਿਆ ਜਾਵੇ ਜੇ ਇਹ ਜੀਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤਿ ਨਹੀਂ ਹੋਵੇਗੀ, ਧਨ ਦੀ ਮੌਜ ਲੁੱਟਣੀ ਐਸੀ ਕਿਰ ਕਿਰੀ ਹੋ ਜਾਏਗੀ ਜਿਕੁਰ ਖੀਰ ਖਾਂਦਿਆਂ ਵਿਚ ਵਾਲ ਆ ਜਾਵੇ, ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ।

-੫੯-

Page 65

www.sikhbookclub.com