ਪੰਨਾ:ਬਿਜੈ ਸਿੰਘ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਅੱਜ ਨਿਸ਼ਚਾ ਹੋ ਗਿਆ ਹੈ ਕਿ ਤੁਸੀਂ ਦੁੱਖ ਸੁਖ ਝੱਲ ਗੁਜ਼ਰੋਂਗੇ। ਹੁਣ ਕੂਚ ਕਰਦੇ ਹਾਂ,ਦਿਹੁੰ ਆਖਣ ਲੱਗਾ ਹੈ,ਪਰ ਉਮੈਦ ਹੈ ਕਿ ਦੋ ਘੜੀ ਰਾਤ ਗਈ ਤੱਕ ਕ੍ਰੋੜਾ ਸਿੰਘ ਦੇ ਜਥੇ ਵਿਚ ਚੱਲ ਰਲਾਂਗੇ, ਜਿਨ੍ਹਾਂ ਦੇ ਦਲ ਦੇ ਸੂਰਮਿਆਂ ਦਾ ਇਕ ਟੋਲਾ ਐਥੋਂ ਚਾਰ ਕੁ ਕੋਹ ਪੂਰ ਉਤਰਿਆ ਪਿਆ ਹੈ।

ਇਹ ਸਲਾਹ ਗੁੰਦਕੇ ਤੁਰ ਪਏ, ਤੁਰਕ ਜ਼ਖਮੀ ਬੇਸੁੱਧ ਪਿਆ ਸੀ, ਆਪ ਜੰਗਲ ਵਿਚ ਚਾਰ ਚੁਫੇਰੇ ਨਜ਼ਰ ਮਾਰਕੇ ਬੇਖਟਕੇ ਹੋ ਦੱਖਣ ਪੂਰਬ ਰੁਖ਼ ਨੂੰ ਹੋ ਟੁਰੇ। ਸ਼ਸਤ੍ਰ ਅਰ ਕੁਝ ਕੁ ਜ਼ਰੂਰੀ ਲਟਾ-ਪਟਾ ਨਾਲ ਚੁੱਕ ਲਿਆ। ਘੁਸਮੁਸੇ ਵੇਲੇ ਬਨ ਤੋਂ ਪਾਰ ਹੋਏ। ਏਥੇ ਇਕ ਮਾਤਬਰ ਆਦਮੀ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਖਾਲਸੇ ਦਾ ਦਲ ਅਜੇ ਚਾਰ ਕੋਹ ਪਰੇ ਹੈ।

ਹੁਣ ਸੋਚ ਇਹ ਪਈ ਕਿ ਚਾਰ ਕੋਹ ਦਾ ਪੈਂਡਾ ਇਸ ਹਨੇਰੇ ਵਿਚ ਕਿੱਕੁਰ ਕੱਟਿਆ ਜਾਵੇ? ਤੀਮੀਂ ਤੇ ਬੱਚਾ, ਉਹ ਭੀ ਕੁਛ ਕੁ ਜ਼ਖਮੀ ਤੇ ਥੱਕੇ ਹੋਏ ਅਰ ਕਦੇ ਨਾ ਭੋਗੇ ਹੋਏ, ਸਦਮੇਂ ਦੇ ਵਿਚ ਦੀ ਲੰਘੇ ਹੋਏ। ਸਿੰਘ ਜੀ ਸੋਚ ਦੀ ਬਾਉਲੀ ਵਿਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿਚ ਡੁਬ ਗਏ। ਇਹ ਨਿਰਨੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ ਸਿੰਘ ਜੀ ਨੂੰ ਇਹ ਭੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ? ਜਿੱਕੁਰ ਕਿਸੇ ਪੋਥੀ ਨੂੰ ਪੜ੍ਹਦਿਆਂ ਨੇੜੇ ਕਰਦਿਆਂ ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿੱਸਦਾ। ਜਿਵੇਂ ਅਤਿ ਤਿੱਖਾ ਭੌਂਦਾ ਲਾਟੂ ਖਲੋਤਾ ਹੋਇਆ ਦਿੱਸਦਾ ਹੈ। ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿੱਸਦੀ ਤੇ ਖਲੋਤੀ ਭਾਸਦੀ ਹੈ; ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿਚ ਪਹੁੰਚੀ ਹੋਈ ਇਉਂ ਫੇਰ ਆਪਣੇ ਆਪ ਵਿਚ ਆਈ, ਜਿੱਕੁਰ ਪਾਣੀ ਵਿਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ ਪਰ ਪਾਣੀ ਦਾ ਸੁਭਾਵ ਫੇਰ ਉਸ ਨੂੰ ਉਤੇ ਲੈ ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਫੇਰ ਉੱਪਰ ਆਉਂਦਾ ਹੈ; ਇੱਕੁਰ ਦੀ ਹਿਚ ਪਿਚ ਵਿਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ ਅਨਜਾਣ ਦਸ ਬਾਰਾਂ ਗੋਤੇ ਖਾ ਕੇ ਜਲ ਵਿਚ ਸਮਾਧ ਬਣਾ ਲੈਂਦਾ ਹੈ, ਸੋ ਸਿੰਘ ਜੀ ਮਨ ਦੀ


-੫੮-

Page 64

www.sikhbookclub.com