ਪੰਨਾ:ਬਿਜੈ ਸਿੰਘ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਸਿੰਘ ਜੀ ਨੇ ਵਹੁਟੀ ਪੁੱਤ੍ਰ, ਦੇ ਘਾਉ ਡਿੱਠੇ ਜੋ ਐਵੇਂ ਚੋਭਾਂ ਮਾਤਰ ਸਨ, ਕੋਈ ਖ਼ਤਰੇ ਵਾਲਾ ਜ਼ਖ਼ਮ ਨਹੀਂ ਸੀ। ਵਾਹ ਵਾਹੁ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ! ਕਦੀ ਮੁਰਦਿਆਂ ਵੱਲ, ਉਨ੍ਹਾਂ ਕਾਇਰਾਂ ਵਲ ਜੋ ਬੇਗੁਨਾਹਾਂ ਤੇ ਚੜ੍ਹ ਆਏ ਤੋਂ ਤ੍ਰੀਮਤਾਂ ਅਤੇ ਬੱਚੇ ਉੱਤੇ ਸ਼ਸਤਰ ਚੁਕ ਖਲੋਤੇ, ਤੱਕਦੇ ਸਨ, ਕਦੀ ਪ੍ਯਾਰੀ ਵਹੁਟੀ ਤੇ ਪੁਤ੍ਰ ਵਲ ਤੱਕਦੇ ਅਰ ਦੋਹਾਂ ਨੂੰ ਗਲ ਨਾਲ ਲਾ ਲਾ ਕੇ ਕਹਿੰਦੇ ਸਨ:-ਸ਼ਾਬਾਸ਼! ਖਾਲਸਈ ਤਲਵਾਰ ਦੇ ਜੌਹਰ ਖ਼ੂਬ ਦਿਖਾਏ; ਅਰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਅੰਮ੍ਰਿਤ ਦਾ ਤੇਜ ਖ਼ੂਬ ਰੌਸ਼ਨ ਕੀਤਾ। ਨਿਸ਼ਚਾ ਹੋਵੇ ਤਾਂ ਐਸਾ। ਧੰਨ ਗੁਰੂ ਜੀ ਹਨ ਜੋ ਆਪ ਹੱਥ ਦੇ ਕੇ ਰੱਖਦੇ ਤੇ ਆਪਣੇ ਸੇਵਕ ਨੂੰ ਸੁਰਖਰੂ ਕਰਾਉਂਦੇ ਹਨ!

ਸਿੰਘਣੀ ਤੇ ਭੁਜੰਗੀ ਨੂੰ ਉਹ ਮਲ੍ਹਮ, ਜੋ ਖਾਲਸੇ ਵਿਚ ‘ਜੀਉਣ ਬੂਟੀ’ ਕਰਕੇ ਸਦਾਉਂਦੀ ਸੀ, ਅਰਹਰ ਸਿੰਘ ਦੇ ਪਾਸ ਥੋੜੀ ਬਹੁਤ ਰਹਿੰਦੀ ਸੀ, ਲਾਈ ਗਈ ਅਰ ਜਲ ਪਾਣੀ ਛਕ ਕੇ ਸਿੰਘ ਜੀ ਨੇ ਕਿਹਾ ਕਿ ਹੁਣ ਇਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ, ਪਰ ਕੱਲ੍ਹ ਨਹੀਂ ਬਚਾਂਗੇ। ਹੁਣ ਰਾਜਨੀਤਿ ਇਥੋਂ ਹਰਨ ਹੋਣਾ ਹੈ।

ਪੁੱਤਰ-ਪਿਤਾ ਜੀ! ਚੱਲਾਂਗੇ ਕਿੱਧਰ?

ਪਿਤਾ-ਕਾਕਾ ਜੀ! ਕਿਸੇ ਦਲ ਨਾਲ ਚੱਲ ਰਲਾਂਗੇ।

ਪੁੱਤ੍ਰ-ਵਾਹ! ਵਾਹ! ਤੇ ਪਿਤਾ ਜੀ ਅੱਗੇ ਹੀ ਉਹਨਾਂ ਵਿਚ ਚੱਲ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ।

ਪਿਤਾ-ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿਚ ਇਸਤ੍ਰੀਆਂ ਤੇ ਬਾਲਾਂ ਦਾ ਨਿਭਣਾ ਔਖਾ ਹੈ। ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾਂ ਪੈ ਜਾਵੇ।

ਵਹੁਟੀ-ਕੀ ਇਸਤ੍ਰੀਆਂ ਦਾ ਪੰਥ ਵਿਚ ਨਿਰਬਾਹ ਨਹੀਂ ਹੁੰਦਾ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ, ਹੁਣ ਜ਼ਰੂਰ ਚੱਲੋ।

ਪਤੀ-ਸਤਿ ਬਚਨ! ਪੰਥ ਦੇ ਜਥਿਆਂ ਵਿਚ ਕੋਈ ਕੋਈ ਸ਼ੇਰ ਦਿਲ ਤ੍ਰੀਮਤਾਂ ਸੇਵਾ ਕਰਦੀਆਂ ਹਨ। ਮੈਨੂੰ ਤੁਹਾਡੇ ਉਤੇ ਇੰਨੀ ਆਸ ਨਾ ਸੀ

-੫੭-

Page 63

www.sikhbookclub.com