ਪੰਨਾ:ਬਿਜੈ ਸਿੰਘ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬ ਨੂੰ ਪਤਾ ਦਿੱਤਾ ਸੀ ਕਿ ਫਲਾਣੇ ਜੰਗਲ ਵਿਚ ਸਿਖ ਰਹਿੰਦੇ ਹਨ! ਉਸਦੀ ਤਕਰੀਰ (ਗੱਲਬਾਤ) ਐਸੀ ਸੀ ਕਿ ਹਾਕਮ ਸਾਹਿਬ ਨੂੰ ਯਕੀਨ ਆ ਗਿਆ। ਸਾਨੂੰ ਹੁਕਮ ਦਿੱਤੋਸੁ ਕਿ ਜਾਓ ਨਾਲ ਤੇ ਉਨ੍ਹਾਂ ਨੂੰ ਪਕੜ ਲਿਆਓ। ਅਸੀਂ ਪੰਜ ਜਣੇ ਉਸ ਸੂਹੀਏ ਦੋ ਨਾਲ ਆਏ। ਦੁਪਹਿਰ ਤੋਂ ਟੱਕਰਾਂ ਮਾਰ ਮਾਰ ਔਰ ਜੰਗਲ ਦੇ ਕੰਡਿਆਂ ਨਾਲ ਘਿਸਟੀਜ ਕੇ ਐਸੇ ਥੱਕੇ ਕਿ ਅਸਾਂ ਸੂੰਹੀਏ ਨੂੰ ਝੂਠਾ ਜਾਣਕੇ ਉਸਨੂੰ ਮਾਰਨ ਦਾ ਮਨਸੂਬਾ ਕੀਤਾ। ਪਰ ਉਸ ਦੀ ਜੀਭ ਕੁਝ ਐਸੀ ਚਿਕਨੀ ਅਰ ਚੋਪੜੀ ਹੋਈ ਹੈ ਕਿ ਆਦਮੀ ਦੇ ਜੀ ਵਿਚ ਐਵੇਂ ਤਰਸ ਆ ਜਾਂਦਾ ਹੈ। ਸੌ ਕਿੰਨਾ ਚਿਰ ਟੱਕਰਾਂ ਮਾਰ ਮਾਰ ਕੇ ਅਸਾਂ ਇਹ ਥਾਂ ਲੱਭਾ। ਅਸੀਂ ਤਾਂ ਜਾਣਦੇ ਸਾਂ ਕਿ ਮਾਲਕ ਐਸ ਵੇਲੇ ਪਿੰਡ ਗਿਆ ਹੈ, ਇਕ ਤੀਵੀਂ ਤੇ ਮੁੰਡੇ ਦਾ ਫੜ ਲੈਣਾ ਕੋਈ ਭਾਰੀ ਗੱਲ ਨਹੀਂ, ਇਸ ਲਈ ਅਵੇਸਲੇ ਆਏ ਸਾਂ, ਪਰ ਆਪਦੀ ਵਹੁਟੀ ਤੇ ਪੁਤ੍ਰ ਐਸੇ ਕਮਰਕੱਸੇ ਕਰਕੇ ਸਾਨੂੰ ਮਿਲੇ ਕਿ ਲੈਣੇ ਦੇ ਦੇਣੇ ਪੈ ਗਏ।ਮਰਨਾ ਤੇ ਜ਼ਖਮੀ ਹੋਣਾ ਤਾਂ ਖ਼ੈਰ ਸਿਪਾਹੀਆਂ ਲਈ ਕੋਈ ਮਾੜੀ ਗੱਲ ਨਹੀਂ, ਪਰ ਇਕ ਤ੍ਰੀਮਤ ਅਰ ਬਾਲਕ ਦੇ ਹੱਥੋਂ ਪੰਜ ਸਿਪਾਹੀਆਂ ਦਾ ਇਸ ਤਰ੍ਹਾਂ ਘਾਇਲ ਹੋ ਜਾਣਾ ਇਕ ਭਾਰੀ ਕਲੰਕ ਅਰ ਸ਼ਰਮ ਦੀ ਗੱਲ ਹੈ। ਹੁਣ ਜੀ ਵਿਚ ਨਿਸ਼ਚਾ ਗਿਆ ਕਿ ਅਸੀਂ ਚੰਦ ਦਿਨਾਂ ਦੇ ਪ੍ਰਾਹੁਣੇ ਹਾਂ! ਜਿਨ੍ਹਾਂ ਲੋਕਾਂ ਦੇ ਬੱਚੇ ਤੇ ਤ੍ਰੀਮਤਾਂ ਐਸੇ ਹੌਂਸਲੇ ਵਾਲੇ ਹੋਣ ਉਹ ਜ਼ਰੂਰ ਰਾਜ ਲੈ ਲੈਣਗੇ। ਮੈਂ ਤਾਂ ਕਦੇ ਸਿੱਖਾਂ ਨਾਲ ਟਾਕਰਾ ਨਹੀਂ ਕਰਾਂਗਾ, ਅਰ ਜੇ ਬਚ ਰਿਹਾ ਤਾਂ ਤੁਹਾਡੀ ਬਹਾਦਰੀ ਦੀ ਸਦਾ ਦਾਦ ਦਿਆਂਗਾ।

ਸਿੰਘ ਜੀ-ਸ਼ਾਬਾਸ਼ ਆਪ ਦੇ! ਉਹ ਸੂੰਹੀਆਂ ਕਿੱਥੇ ਹੈ?

ਮੁਗਲ-ਉਹ ਤਾਂ ਤੁਹਾਡੇ ਬਹਾਦਰ ਪੁਤ੍ਰਦੀ ਪਹਿਲੀ ਗੋਲੀ ਸੁਣਦਾ ਹੀ ਨੱਠ ਗਿਆ ਸੀ। ਸਿੰਘ ਜੀ! ਤੁਸੀਂ ਇਹ ਤਾਂ ਦੱਸੋ ਕਿ ਇਸ ਸ਼ੀਰਖੋਰ ਬੱਚੇ ਨੂੰ ਤਲਵਾਰ ਦੇ ਪਲੱਥੇ ਅਰ ਬੰਦੂਕ ਦੀ ਨਿਸ਼ਾਨੇਬਾਜ਼ੀ ਕਦ ਸਿਖਾਈ ਸਾ ਜੇ?

ਸਿੰਘ ਜੀ-ਸਿੰਘਾਂ ਦੀ ਗੁੜ੍ਹਤੀ ਹੀ ਸ਼ਸਤ੍ਰ ਵਿਦ੍ਯਾ ਹੈ। ਦਿਨ ਰਾਤ ਇਹੋ ਤਾਂ ਸਾਡਾ ਵਿਹਾਰ ਹੈ।

-੫੬-

Page 62

www.sikhbookclub.com