ਪੰਨਾ:ਬਿਜੈ ਸਿੰਘ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਨੂੰ ਪਕੜ ਲਿਆ। ਮਾਂ ਪੁੱਤ ਡੂੰਘੀ ਨੀਂਦਰ ਤੋਂ ਜਾਗਦੇ ਹੀ ਸਿਰ ਪੁੱਟਦੀ ਖੁੰਬ ਵਾਂਙ ਫੜੇ ਗਏ, ਹੱਥਾਂ ਦੇ ਜ਼ੋਰ ਦੀ ਕੋਈ ਪੇਸ਼ ਨਾ ਗਈ, ਤਿੰਨਾਂ ਦੀਆਂ ਮੁਸ਼ਕਾਂ ਕੱਸੀਆਂ ਗਈਆਂ, ਅਰ ਕੂਚ ਬੋਲੀ।

ਤੁਰਕ ਸਵਾਰ ਥੱਕ ਰਹੇ ਸਨ, ਅਰ ਛੇਤੀ ਪਹੁੰਚਣਾ ਚਾਹੁੰਦੇ ਸਨ; ਸਿਪਾਹੀ ਕੁਝ ਬਹੁਤ ਪ੍ਰਸੰਨ ਨਹੀਂ ਸਨ ਹੋਏ ਅਰ ਜੀ ਵਿਚ ਕਚੀਚੀਆਂ ਵੱਟ ਰਹੇ ਸਨ ਕਿਉਂਕਿ ਇਕ ਸਾਥੀ ਮਰਵਾ ਆਏ ਤੇ ਫੜ ਕੇ ਸਭ ਇਕੋ ਮਰਦ ਲਿਆਏ, ਨਾਲ ਇਕ ਬੱਚਾ ਤੇ ਇਕ ਤੀਵੀਂ। ਹੁਸ਼ਿਆਰ ਬੇਗ ਨੇ ਸੋਚ ਸੋਚ ਕੇ ਛੇਤੀ ਪਹੁੰਚਣ ਦੀ ਇਹ ਵਿਉਂਤ ਕੱਢੀ ਕਿ ਸੂੰਹੀਏਂ ਨੂੰ ਪਾਲਕੀ ਵਿਚੋਂ ਉਤਾਰ ਕੇ ਬੀਬੀ ਤੇ ਬੱਚੇ ਨੂੰ ਬਿਠਾ ਦਿੱਤਾ ਜਾਵੇ ਤੇ ਕਹਾਰ ਪੀਨਸ ਚੱਕੀ ਜਾਣ ਤੇ ਇਕ ਇਕ ਕਹਾਰ ਨੂੰ ਅੱਧ ਅੱਧ ਮੀਲ ਤੋ ਸਾਹ ਕੱਢਣ ਵਾਸਤੇ ਛੱਡਿਆ ਜਾਵੇ ਤੇ ਸੂਹੀਏਂ ਨੂੰ ਉਸ ਦੀ ਥਾਂ ਲਾਇਆ ਜਾਵੇ। ਇਸ ਹੁਕਮ ਦੇ ਹੁੰਦੇ ਹੀ ਪਹਾੜਾਂ ਦੀਆਂ ਚੋਟੀਆਂ ਪੁਰ ਪਈ ਬਰਫ ਵਾਂਗੂੰ ਸੂੰਹੀਏਂ ਜੀ ਨੂੰ ਹੇਠਾਂ ਆਉਣਾ ਪਿਆ ਅਰ ਉਸ ਘਾਹ ਵਾਂਗੂੰ ਜੋ ਘੋੜੇ ਉਤੇ ਲੱਦਿਆ ਹੋਇਆ ਹੋ ਕੇ ਬੀ ਉਸੇ ਦਾ ਚਾਰਾ ਬਣਦਾ ਹੈ, ਪੰਡਤ ਜੀ ਨੂੰ ਪਾਲਕੀ ਦੀ ਸਵਾਰੀ ਕਰਨ ਤੋਂ ਸਵਾਰੀ ਬਣਨਾ* ਪਿਆ। ਪਰ ਫੇਰ ਹੁਸ਼ਿਆਰ ਬੇਗ ਨੂੰ ਮਾਲਕ ਦਾ ਡਰ ਉਪਜ ਪਿਆ ਕਿ ਮਤਾਂ ਨਵਾਬ ਸਾਹਿਬ ਸੂੰਹੀਏਂ ਦੀ ਬੇਪਤੀ ਪਰ ਗੁੱਸੇ ਹੋ ਪੈਣ ਫੇਰ ਕੀ ਕਰਾਂਗੇ? ਫੇਰ ਉਸ ਨੂੰ ਪਾਲਕੀ ਵਿਚ ਬਿਠਾਕੇ ਆਪਣੀ ਜਾਨ ਤੇ ਚਿਰਕ ਦਾ ਦੁੱਖ ਸਹਿ ਕੇ ਬੁਰੇ ਹਾਲ ਤੇ ਮੰਦੀ ਚਾਲ ਪੈਂਡਾ ਮੁਕਾਇਆ ਤੇ ਸਿੰਘ ਜੀ ਨੂੰ ਕੈਦਖਾਨੇ ਪੁਚਾਇਆ ਜਿਥੇ ਇਕ ਕੋਠੀ ਵਿਚ ਆਪ ਬੰਦ ਕੀਤੇ ਗਏ।

ਐਸੇ ਐਸੇ ਮਹਾਤਮਾਂ ਦੇ ਨਾਲ ਐਸੇ ਉਪੱਦਰ ਹੁੰਦੇ ਦੇਖ ਕੇ ਮਾਨੋਂ ਰਾਤ ਦਾ ਕਲੇਜਾ ਬੀ ਪਾਟ ਗਿਆ। ਰਾਤ ਦੇ ਉਹਲੇ ਵਿਚ ਹੋਏ ਪਾਪਾਂ ਨੂੰ ਦੇਖਣ ਲਈ ਸੂਰਜ ਦੇਉਤਾ ਨਿਕਲ ਆਯਾ ਪਰ ਸ਼ਰਮ ਦੀ ਮਾਰੀ ਰਾਤ


*ਸਵਾਰੀ ਕਰਨਾ -ਘੋੜੇ ਆਦਿ ਉਤੇ ਚੜ੍ਹਨਾ। ਸਵਾਰੀ ਬਣਨਾ ਘੋੜੇ ਵਾਂਗ ਸਵਾਰ ਦੇ ਹੇਠ ਆਉਣਾ।

-੬੩-

Page 69

www.sikhbookclub.com