ਪੰਨਾ:ਬਿਜੈ ਸਿੰਘ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਲੇ ਝੱਖੜ ਝੁੱਲ ਰਿਹਾ ਸੀ। ਓਥੋਂ ਹੋਰ ਆਦਮੀ ਆਏ, ਜਾਂ ਉਨ੍ਹਾਂ ਨੇ ਆ ਕੇ ਅੰਦਰ ਝਾਤ ਪਾਈ ਤਾਂ ਉਹ ਵੀ ਸਹਿਮੇ। ਇਕ ਦਾ ਸਿਰ ਘਬਰਾਇਆ ਤੇ ਦੂਸਰੇ ਦਾ ਕਲੋਜਾ ਤਕਿਆ। ਜਿੱਕਰ ਸੱਪ ਨਿਕਲੇ ਤੇ ਲੋਕ ਦੂਰੋਂ ਦੀਵਾ ਅੱਗੇ ਕਰ ਕਰ ਦੇਖਦੇ ਹਨ, ਪਰ ਅੱਗੇ ਕਦਮ ਇਕ ਨਹੀਂ ਪੁੱਟਦੇ ਤਿਵੇਂ ਇਹ ਸਿਪਾਹੀ ਦੀਵਾ ਅੱਗੇ ਅੱਗੇ ਕਰ ਕੇ ਦੇਖਣ ਦਾ ਯਤਨ ਕਰਨ, ਪਰ ਪੈਰ ਦਲੀਜੋਂ ਅੰਦਰ ਨਾ ਪਾਉਣ, ਛੇਕੜ ਇਹ ਭੀ ਹੌਲ ਖਾ ਖਾ ਕੇ ਮੁੜ ਗਏ। ਸ਼ੀਲ ਕੌਰ ਐਸੀ ਨਿਮਗਨ ਸੀ ਕਿ ਉਸ ਵੇਲੇ ਕੋਈ ਸਿਰ ਕੱਟ ਦੇਂਦਾ ਤਦ ਬੀ ਉਸ ਨੂੰ ਪਤਾ ਨਾ ਲਗਦਾ। ਸ਼ੀਲ ਕੌਰ ਬਿਹੋਸ਼ ਨਹੀਂ ਸੀ, ਪਰ ਆਪਣੇ ਆਪ ਵਿਚ ਨਿਮਗਨ ਐਸੀ ਜੁੜੀ ਹੋਈ ਸੀ ਕਿ ਮਾਨੋ ਬੇਸੁਧ ਹੀ ਸੀ, ਪਰ ਉਹ ਸੀ ਲਿਵ ਦੀ ਅੰਤਰਮੁਖ ਜੁੜ ਵਿਚ।

ਜਦ ਜਮਾਂਦਾਰ ਨੇ ਸੁਣਿਆ ਕਿ ਉਹ ਬੀਬੀ ਪੱਥਰ ਹੋਈ ਬੈਠੀ ਹੈ ਤੇ ਉਸ ਕੋਲ ਜਾਂਦਿਆਂ ਹੌਲ ਉਠਦਾ ਹੈ ਤੇ ਇਕ ਤੋਂ ਵਧੀਕ ਆਦਮੀ ਸਾਖ ਭਰਦੇ ਹਨ, ਤਦ ਉਸਦਾ ਦਿਲ ਬੀ ਕੁਛ ਸਹਿਮਿਆਂ। ਪਾਪ ਕਰਨ ਵੇਲੇ ਦਿਲ ਭਾਵੇਂ ਕਰੜਾ ਹੁੰਦਾ ਹੈ, ਪਰ ਜੇ ਕਦੇ ਭੈ ਦੀ ਨੋਕ ਉਸ ਵੇਲੇ ਹਿਰਦੇ ਵਿਚ ਚੁਭ ਜਾਵੇ ਤਦ ਕਾਇਰਤਾ ਜ਼ੋਰ ਪਾ ਲੈਂਦੀ ਹੈ।

ਜਮਾਂਦਾਰ ਜੀ ਸਨ ਇਕ ਕੁਲੀਨ ਪੁਰਖ ਇਖ਼ਲਾਕੀ ਸਾਹਿਤ ਬੀ ਪੜ੍ਹੇ ਹੋਏ ਸਨ,ਦਿਲ ਦੇ ਬੀ ਕਠੋਰ ਨਹੀਂ ਸਨ। ਸੀ ਤਾਂ ਕੁਸੰਗ ਦਾ ਅਸਰ ਸੀ ਤੇ ਆਪਣੇ ਮਹਿਕਮੇ ਦੇ ਮਾੜੇ ਲੋਕਾਂ ਦੀ ਰੀਸੋ-ਰੀਸੀ ਮਾੜਾ ਅਸਰ ਲੈ ਲੈ ਮਾੜੇ ਹੋ ਰਹੇ ਸੇ। ਹੁਣ ਜਦ ਸਹਿਮ ਛਾਇਆ ਤਾਂ ਆਪਣੇ ਧਰਮ ਵਿਚ, ਜੋ ਸਮਾਚਾਰ ਭਲੇ ਪੁਰਸ਼ਾਂ ਦੇ ਪੜ੍ਹੇ ਹੋਏ ਸਨ ਅਰ ਦੁਸ਼ਟਾਂ ਦੇ ਤਸੀਹਿਆਂ ਹੇਠ ਖ਼ੁਦਾ ਦੀ ਓਹਨਾਂ ਨਾਲ ਮੈਤ੍ਰੀ ਦੇ ਸਮਾਚਾਰ ਸੁਣੇ ਹੋਏ ਸਨ, ਸਾਰੇ ਚੇਤੇ ਆ ਗਏ। ਦਾਨੀਆਲ ਦਾ ਸ਼ੇਰਾਂ ਅੱਗੇ ਸਿੱਟੇ ਜਾਣਾ ਤੇ ਸ਼ੇਰਾਂ ਦਾ ਉਸ ਦੇ ਪੈਰ ਚੁੰਮਣੇ, ਫਰਊਨ ਦੇ ਜ਼ੁਲਮਾਂ ਹੇਠ ਮੂਸਾ ਦਾ ਵਾਲ ਵਿੰਗਾ ਨਾ ਹੋਣਾ, ਸਭ ਮਾਜਰੇ ਅੱਖਾਂ ਅੱਗੇ ਆ ਖਲੋਤੇ । ਦਿਲ ਵਿਚ ਟੋਏ ਪੈਂਦੇ ਜਾਣ, ਓਹਨਾਂ ਟੋਇਆਂ ਵਿਚ ਕੀਤੇ ਕੁਕਰਮਾਂ ਦੇ ਡੰਗ

-੭੬-