ਪੰਨਾ:ਬਿਜੈ ਸਿੰਘ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਬਾਹੁੜੀ ਕਰਨ ਦੇ ਕਈ ਸਮਾਚਾਰ ਬੀ ਆਉਂਦੇ ਹਨ। ਉਸ ਦਿਨ ਸ਼ਾਮ ਨੂੰ ਜਮਾਂਦਾਰ ਸਾਹਿਬ ਤੇ ਸਿਪਾਹੀਆਂ ਵਿਚ ਐਸੇ ਹੀ ਜ਼ਿਕਰ ਚਲਦੇ ਰਹੇ ਸਨ। ਉਤੋਂ ਸ਼ਰਾਬ ਮਿਲ ਗਈ ਤੇ ਸਾਰੇ ਸਿਪਾਹੀਆਂ ਪੀਤੀ ਸੀ ਅਰ ਬਹੁਤੀ ਵਾਲੇ ਬਹੁਤ ਬਾਉਲੇ ਹੋ ਰਹੇ ਸਨ। ਹਨੇਰੀ ਰਾਤ ਬੱਦਲ ਮੀਂਹ ਬਿਜਲੀ, ਝੱਖੜ ਤੇ ਤੂਫ਼ਾਨ ਨੇ ਭੈਦਾਇਕ ਸਮਾਂ ਬੰਨ੍ਹ ਦਿੱਤਾ, ਇਸ ਸਾਰੀ ਦਸ਼ਾ ਨੂੰ ਭੁਚਾਲ ਦੇ ਆਉਣ ਨੇ ਚੌਗੁਣਾਂ ਡਰਾਉਣਾ ਕਰ ਦਿੱਤਾ। ਜਦ ਮੁਫ਼ਤੀ ਅਰ ਜਮਾਂਦਾਰ ਨੱਸੇ ਹਨ ਤਦ ਬ੍ਰਿਛ ਦੇ ਹੇਠ ਨੂੰ ਦੌੜੇ ਬਿਜਲੀ ਕੜਕ ਰਹੀ ਸੀ, ਬਿਜਲੀ ਬ੍ਰਿਛਾਂ ਪੁਰ ਅਕਸਰ ਕਰਕੇ ਪੈਂਦੀ ਹੈ, ਸੋ ਸਮਾਂ ਸੰਜੋਗ ਐਸਾ ਲੱਗਾ ਕਿ ਬਿਜਲੀ ਪਈ, ਜਮਾਂਦਾਰ ਮੁਫ਼ਤੀ ਤੇ ਦੋ ਸਿਪਾਹੀ ਮਾਰੇ ਗਏ। ਜੋ ਅੰਦਰੀਂ ਵੜੇ ਹੋਏ ਸਨ ਮਾਰੇ ਡਰ ਦੇ ਹਿੱਲੇ ਹੀ ਨਾ, ਉਹਨਾਂ ਨੂੰ ਕੀ ਪਤਾ ਕਿ ਬਾਹਰ ਜੋ ਜਲ, ਪੌਣ, ਬਿਜਲੀ ਦਾ ਦੰਗਲ ਮਚ ਰਿਹਾ ਹੈ,ਉਸ ਵਿਚ ਸਾਡੇ ਜਮਾਂਦਾਰ ਸਾਹਿਬ ਭੀ ਹਿੱਸਾ ਲੈ ਰਹੇ ਹਨ।

ਇਕ ਪਾਸੇ ਤਾਂ ਸ਼ੀਲ ਕੌਰ ਦੀ ਪਵਿਤ੍ਰਤਾ ਤੇ ਲਿਵਲੀਨਤਾ ਉਤੋਂ ਰੱਬ ਜੀ ਦਾ ਪਿਆਰ ਕੌਤਕ ਕਰ ਰਿਹਾ ਸੀ, ਦੂਜੇ ਪਾਸੇ ਨਿਤਾਣੇ ਨਸ਼ਈ ਦਿਲ ਭੈਭੀਤ ਹੋਕੇ ਡਰ ਰਹੇ ਸਨ, ਤੀਜੇ ਬਿਜਲੀ ਨੇ ਸੱਚਮੁਚ ਹੀ ਜਾਨਾਂ, ਖੈ ਕੀਤੀਆਂ। ਜਦੋਂ ਸਵੇਰੇ ਕੋਠੜੀਆਂ ਵਿਚੋਂ ਬਾਕੀ ਦੇ ਸਿਪਾਹੀ ਤੇ ਕੈਦੀ ਨਿਕਲੇ ਤਾਂ ਚਾਰ ਆਦਮੀ ਤਾਂ ਬਿਜਲੀ ਨਾਲ ਮਰੇ ਦੋਖੇ ਤੇ ਇਕ ਦੋ ਭੈ ਮਾਰੇ ਨਿਰਬਲ ਜਿਹੇ ਪਏ ਨਜ਼ਰ ਆਏ । ਉਨ੍ਹਾਂ ਦੋਹਾਂ ਸਿਪਾਹੀਆਂ ਨੇ ਜੋ ਬਾਹਰ ਨਹੀਂ ਨਿਕਲੇ ਸੇ ਉਨ੍ਹਾਂ ਨੇ ਰਾਤ ਦਾ ਹਾਲ ਕਹਿ ਸੁਣਾਇਆ ਸਿਪਾਹੀਆਂ ਦਾ ਟੋਲਾ ਸੁਣ ਕੇ ਹੱਕਾ ਬੱਕਾ ਰਹਿ ਗਿਆ।ਇਕ ਹਵਾਲਦਾਰ ਨੂੰ ਜਮਾਂਦਾਰ ਦੀ ਥਾਂ ਮੰਨ ਕੇ ਕੰਮ ਆਰੰਭਿਆ। ਮੁਰਦਿਆਂ ਨੂੰ ਦਫ਼ਨ ਕੀਤਾ ਅਰ ਅਗਲੇ ਭਲਕ ਅੱਗੇ ਕੂਚ ਕੀਤੀ। ਸ਼ੀਲ ਕੌਰ ਵਲੋਂ ਉਹਨਾਂ ਨੂੰ ਸਹਿਮ ਬੈਠ ਗਿਆ। ਨਾ ਤਾਂ ਡਰਦੇ ਕੁਝ ਕਹਿ ਸਕਣ ਅਰ ਨਾ ' ਹੀ ਦਿਲ ਵਿਚ ਬੜੇ ਰੰਜ ਕਰਕੇ ਉਨ੍ਹਾਂ ਪੁਰ ਦਇਆ ਹੀ ਕਰ ਸਕਣ। ਇਸ ਤਰ੍ਹਾਂ ਕੁਝ ਡਰ, ਕੁਝ ਵੈਰ ਨਾਲ ਭਰੇ ਪੀਤੇ ਲਾਹੌਰ ਤੱਕ ਗਏ। ਪਹਿਲੋਂ ਤਾਂ ਸਲਾਹ ਸ਼ਾਨੇ ਕਿ ਸਾਰਾ ਹਾਲ ਕਹਾਂਗੇ, ਪਰ ਸੋਚਿਆ ਕਿ

-੮੦-