ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਮਿਜ਼ਰਾਬ ਠਕੋਰੀਆਂ ਤਰਬਾਂ ਵਾਂਗ ਮਿਨੀ ਮਿਨੀ ਗੂੰਜਦੀ ਰਹਿੰਦੀ ਹੈ।

ਉਹਦੇ ਸ਼ਬਦਾਂ ਦੀ ਵਰਤੋਂ ਬੜੀ ਢੁਕਵੀਂ ਤੇ ਫਬਵੀਂ ਹੁੰਦੀ ਹੈ। ਉਹ ਸ਼ਬਦਾਂ ਦੇ ਪੂਰੇ ਭਾਵ ਦੱਸਣ ਵਿਚ ਉਨ੍ਹਾਂ ਦੀ ਧੁਨੀ ਤੇ ਸੰਗੀਤ ਬਾਰੇ ਬੜਾ ਚੌਕਸ ਹੈ। ਇਉਂ ਭਾਸਦਾ ਹੈ ਜੇਕਰ ਉਹਦੇ ਕੰਨ ਸ਼ਬਦਾਂ ਨੂੰ ਟੁਣਕਾ ਕੇ ਪਰਖਦੇ ਹੋਣ ਤੇ ਉਹਦਾ ਮੁਤਲਾਸ਼ੀ ਮਨ ਖੱਲਾਂ ਖੂੰਜਿਆਂ ਵਿਚੋਂ ਵੀ ਸਹੀ ਅੱਖਰ ਲਭ ਲਿਆਉਂਦਾ ਹੈ।

ਉਹਦਾ ਵਿਸ਼ਵਾਸ ਹੈ ਕਿ ਕਿਸੇ ਖ਼ਿਆਲ ਨੂੰ ਪ੍ਰਗਟਾਣ ਵਾਸਤੇ ਹਰੇਕ ਬੋਲੀ ਵਿਚ ਇਕੋ ਲਫ਼ਜ਼ ਹੁੰਦਾ ਹੈ ਤੇ ਉਹ ਉਸ ਲਫਜ਼ ਨੂੰ ਟੋਲਣ ਲਈ ਆਪਣੇ ਸਿਰ ਨੂੰ ਝੰਜੋੜਦਾ ਤੇ ਉਹਦੀਆਂ ਨਸਾਂ ਖ਼ੌਲ ਉਠਦੀਆਂ ਹਨ।

ਹੁਣੇ ਹੁਣੇ ਉਹਦੇ ਵਿਚ ਸਾਡੇ ਸ਼ਹਿਰੀ ਜੀਵਨ ਦੀਆਂ ਵਰਤਮਾਨ ਸਮੱਸਿਆਂ ਛੋਹਣ ਦੀ ਵੀ ਰੁਚੀ ਜਾਗੀ ਹੈ। 'ਜਵਾਹਰ ਲਾਲ' ਇਕ ਜਜ਼ਬਾਤੀ ਕਹਾਣੀ ਹੈ ਜਿਹੜੀ ਸ਼ੁਰੂ ਤੋਂ ਅਖ਼ੀਰ ਤੀਕ ਤਣੀ ਪਈ ਹੈ। ਇਕ ਛੋਟਾ ਕਲਾਕਾਰ ਕਹਾਣੀ ਉੱਥੇ ਹੀ ਮੁਕਾ ਦੇਂਦਾ ਜਿਥੇ ਮੁਨਸ਼ੀ ਮੁੰਡਿਆਂ ਨੂੰ ਪੜ੍ਹਾ ਕੇ ਥੜੇ ਲੰਮਿਆਂ ਪੈ ਜਾਂਦਾ ਹੈ ਤੇ ਮੁੰਡੇ ਜਵਾਹਰ ਲਾਲ ਦੇ ਸੁਆਗਤ ਲਈ ਦੌੜ ਜਾਂਦੇ ਹਨ। ਪਰ ਸਾਡਾ ਇਹ ਨੌਜੁਆਨ ਲੇਖਕ ਸੁਆਗਤ ਨੂੰ ਛਡ ਕੇ ਅੰਤ ਵਿਚ ਰੂਹ ਟੁੰਬਣ ਵਾਲਾ ਕਟਾਖਸ਼ ਦੇਂਦਾ ਹੈ ਜਿਹੜਾ ਸਾਡੇ ਜੀਵਨ ਦੀ ਥਕਾ ਦੇਣ ਵਾਲੀ ਰਟ, ਅਕਾ ਦੇਣ ਵਾਲੇ ਦਿਨਾਂ ਦੀ ਹੇੜ੍ਹ, ਹੰਭੇ ਪਲਾਂ ਦੀ ਲੰਙੀ ਟੋਰ ਅਤੇ ਅਲਸਾਈਆਂ ਘੜੀਆਂ ਦੀ ਭਿਣਕਣ ਨੂੰ ਸਪਸ਼ਟ ਰੂਪ ਵਿਚ ਸਾਡੇ ਅਗੇ ਲਿਆ ਦੇਂਦਾ ਹੈ ਤੇ ਸਾਡੇ ਮਨਾਂ ਨੂੰ ਡੂੰਘੀ ਨਿਰਾਸ਼ਾ ਦਾ ਪਰਛਾਵਾਂ ਕੱਜ ਦੇਂਦਾ ਹੈ। ਮੁਨਸ਼ੀ ਨੇ ਕੇਵਲ ਇਕੋ ਦਿਨ ਪੜ੍ਹਾਇਆ ਤੇ ਉਹੋ ਰੌਸ਼ਨ ਦਿਹਾੜਾ ਉਹਦੇ ਜੀਵਨ ਦੀ ਅਮੁੱਕ ਰਟ ਦੇ ਹਨੇਰੇ ਵਿਚ ਸੁਬਹ ਦੇ ਸਤਾਰੇ ਵਾਂਗ ਟਿਮਟਿਮਾ ਉਠਦਾ ਹੈ।

ਬੈਨ ਵਿਲਾ ਸ਼ਿਮਲਾ

ਬਲਵੰਤ ਐਮ. ਏ.

੧੫ ਜੁਲਾਈ ੧੯੪੨

D