"ਕੀ ਗਲ ਏ ਮੁਨਸ਼ੀ ਜੀ - ਇਹ ਸਫ਼ਾਈ - ਹਜਾਮਤ " ਗੁਆਂਢੀ ਨੇ ਹਰਾਨੀ ਨਾਲ ਪੁਛਿਆ।
ਮੁਨਸ਼ੀ ਨੇ ਗੁਆਂਢੀ ਦੇ ਮੂੰਹ ਉਤੇ ਕੁਝ ਚਿਰ ਝਾਕਿਆ ਤੇ ਬੋਲਿਆ "ਭਲਕੇ........" ਤੇ ਉਹ ਅਗੇ ਕੁਝ ਨਾ ਦਸ ਸਕਿਆ, ਮਾਨੋਂ ਗਲ ਵਿਚੋਂ ਉਹਦੇ ਬੋਲ ਨਿਕਲ ਹੀ ਨਹੀਂ ਸਨ ਸਕਦੇ। ਗੁਆਂਢੀ ਚੁਪ ਕਰ ਗਿਆ, ਕਿਉਂਕਿ ਉਹਨੂੰ ਪਤਾ ਸੀ ਕਿ ਮੁਨਸ਼ੀ ਬੜਾ ਥੋੜਾ ਬੋਲਣ ਵਾਲਾ ਹੈ।
ਰਾਤੀਂ ਉਹ ਮੰਜੇ ਉਤੇ ਗੋਡੇ ਤੇ ਲਤ ਰਖੀ ਜਾਗਦਾ ਹੀ ਪਿਆ ਅਕਾਸ਼ ਵਲ ਤਕਦਾ ਸੀ।
ਦੂਜੇ ਦਿਨ ਸਵੇਰੇ ਹੀ ਹੁੱਕਾ ਭਰ ਕੇ ਮੁਨਸ਼ੀ ਮਦਰਸੇ ਦੇ ਥੜੇ ਤੇ ਜਾ ਬੈਠਾ।
ਮੁੰਡੇ ਬਸਤੇ ਸਿਰਾਂ ਤੇ ਚੁਕੀ ਦੋ ਦੋ ਤਿੰਨ ਤਿੰਨ ਦੀਆਂ ਟੋਲੀਆਂ ਵਿਚ ਆਉਂਦੇ ਪਏ ਸਨ — ਕਿਸੇ ਦਾ ਸਿਰ ਨੰਗਾ, ਕਿਸੇ ਦੀ ਕਛ ਢਲਕੀ ਹੋਈ, ਕਿਸੇ ਦਾ ਨਕ ਵਗਦਾ। ਕਾਠੇ ਦੇ ਝਗਿਆਂ ਵਿਚ ਉਹ ਮਦਰਸੇ ਦੀਆਂ ਚਟਾਈਆਂ ਤੇ ਬਹਿੰਦੇ ਜਾਂਦੇ ਸਨ।
ਮੁਨਸ਼ੀ ਅਜ ਉਨ੍ਹਾਂ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ। ਹੁੱਕੇ ਦੀ ਨੜੀ ਮੂੰਹ ਵਿਚ ਪਾ ਕੇ ਉਹ ਸਾਹਮਣੇ ਦੇ ਪਿੱਪਲ ਉਤੇ ਬੋਲਦੇ ਪੰਛੀਆਂ ਨੂੰ ਸੁਣ ਰਿਹਾ ਸੀ।
ਕਈ ਮੁੰਡਿਆਂ ਦੇ ਪਿਉ ਬਚਿਆਂ ਨੂੰ ਨਾਲ ਲਿਆਏ ਤੇ ਛਡ ਕੇ ਚਲੇ ਗਏ, ਕਈ ਜ਼ਨਾਨੀਆਂ ਆਪਣੇ ਪੁਤ੍ਰਾਂ ਨੂੰ ਮਦਰਸੇ ਦੇ ਬੂਹੇ ਤੀਕਰ ਛਡ ਕੇ ਮੁੜ ਗਈਆਂ ਪਰ ਮੁਨਸ਼ੀ ਨੂੰ ਕੋਈ ਪਤਾ ਨਾ ਲਗਾ। ਉਹ ਹੁੱਕੇ ਦਾ ਪੋਲਾ ਪੋਲਾ ਧੂੰ ਕਢਦਾ ਮਗਨ ਬੈਠਾ ਰਿਹਾ।
ਪਿੱਪਲ ਤੋਂ ਚਿੜੀਆਂ ਕਾਂ, ਗਟਾਰਾਂ ਆਪੋ ਆਪਣੀਆਂ ਬੋਲੀਆਂ ਬੋਲ ਕੇ ਖੇਤਾਂ ਵਲ ਉਡ ਗਈਆਂ। ਕੋਇਲ ਸਵੇਰ ਦੀ ਹੀ ਇਕ ਦੂਰ ਅੰਬ ਦੀ ਟਾਹਣੀ ਤੇ ਕੂਕ ਰਹੀ ਸੀ।
2