ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਕਬਜ਼ਾ ਕੀਤਾ ਹੋਇਆ ਹੈ" ਫੇਰ ਚੁਪ ਛਾ ਗਈ। ਪੇਂਡੂ ਪਰਾਇਮਰੀ ਦੇ ਬੱਚੇ ਅਜ ਆਪਣੇ ਮੁਨਸ਼ੀ ਦੀਆਂ ਗੱਲਾਂ ਹੈਰਾਨੀ ਪਰ ਗਹੁ ਨਾਲ ਸੁਣ ਰਹੇ ਸਨ।

ਮੁਨਸ਼ੀ ਦਾ ਚਿਹਰਾ ਪਲੋ ਪਲੀ ਲਾਲ ਹੋ ਗਿਆ। ਮੂੰਹ ਦੀਆਂ ਸੂਹੀਆਂ ਝੁਰੜੀਆਂ ਉਭਾਰ ਖਾ ਰਹੀਆਂ ਸਨ। ਉਸ ਹੁੱਕੇ ਦਾ ਮੂੰਹ ਇਕ ਪਾਸੇ ਭੁਆ ਦਿੱਤਾ ਤੇ ਉਹ ਥੜੇ ਉੱਤੇ ਖੜੋ ਗਿਆ।

"....ਜਵਾਹਰ ਲਾਲ ਕਹਿੰਦਾ, ਹੈ ਸਾਡਾ ਘਰ ਸਾਡੇ ਹਵਾਲੇ ਕਰ ਦਿਓ, ਕਿਉਂ ਕਬਜ਼ਾ ਕੀਤਾ ਹੈ ਸਾਡੇ ਵਤਨ ਤੇ – ਸੁਣੋ – ਸੁਣੋ, ਸੁਣਦੇ ਪਏ ਹੋ ਨਾ ਮੰਡਿਓ–"

ਪੈਲੀਆਂ ਨੂੰ ਰੋਟੀ ਖੜੀ ਜਾਂਦੀਆਂ ਜ਼ਨਾਨੀਆਂ ਮੁਨਸ਼ੀ ਦੀ ਵਾਜ ਸੁਣ ਕੇ ਮਦਰਸੇ ਦੀਆਂ ਬਾਰੀਆਂ ਨਾਲ ਲਗ ਖਲੋਤੀਆਂ। ਵਾਗੀ ਮੁੰਡੇ ਡੰਗਰ ਲਾਗਲੇ ਛਪੜ ਵਿਚ ਵਾੜ ਕੇ ਆਪਣੀਆਂ ਡੰਡੋਰਕੀਆਂ ਕੱਛਾਂ ਵਿਚ ਅੜਾਈ ਬੂਹੇ ਅੱਗੇ ਖਲੋਤੇ ਸਨ। ਮੁਨਸ਼ੀ ਨੂੰ ਇਉਂ ਸਬਕ ਪੜਾਉਂਦਾ ਉਹਨਾਂ ਅੱਗੇ ਕਦੇ ਨਹੀਂ ਸੀ ਸੁਣਿਆ। ਇਕ ਘੁਗੀਆਂ ਦਾ ਜੋੜਾ ਖਾਮੋਸ਼ੀ ਨਾਲ ਮਦਰਸੇ ਦੇ ਰੋਸ਼ਦਾਨ ਵਿਚ ਬੈਠਾ ਮਨਸ਼ੀ ਵਲ ਤਕ ਰਿਹਾ ਸੀ।

"......ਉਸ ਬਗ਼ਾਵਤ ਕਰ ਦਿੱਤੀ ਏ" ਮੁਨਸ਼ੀ ਬੋਲਦਾ ਗਿਆ, "ਤਕੜੀ ਬਗ਼ਾਵਤ ਜ਼ਬਰਦਸਤ ਬਗ਼ਾਵਤ —" ਬਗ਼ਾਵਤ ਕੀ ਹੁੰਦੀ ਏ, ਮੁੰਡਿਆਂ ਨੂੰ ਇਹਦੀ ਕੁੱਖ ਵੀ ਸਮਝ ਨਹੀਂ ਸੀ ਆਉਂਦੀ। ਉਹਨਾਂ ਨੂੰ ਮੁਨਸ਼ੀ ਦੀ ਅਵਾਜ਼ ਬੜੀ ਭਿਆਨਕ ਪਰਤੀਤ ਦੇ ਰਹੀ ਸੀ।

".....ਤੁਸੀਂ ਜਾਣਦੇ ਹੋਵੋਗੇ .............ਕਿੰਨੇ ਵਰੇ ਹੋਏ ਲਾਹੌਰ ਰਾਵੀ ਦੇ ਕੰਢੇ ੧੯੨੯ ਵਿਚ ਕਾਂਗਰਸ ਦਾ ਇਜਲਾਸ ਹੋਇਆ ਸੀ, ਜਾਣਦੇ ਹੋ – ਬੋਲੋ – ਬਾਹਵਾਂ ਖੜੀਆਂ ਕਰੋ।"

"ਕੋਈ ਨਹੀਂ ਜਾਣਦਾ............ ਉਹ ਬਦ-ਕਿਸਮਤੀ! ਇੰਨਾ ਕੁਝ ਵੀ ਨਹੀਂ ਜਾਣਦੇ............੨੬ ਜਨਵਰੀ ਦਾ ਦਿਨ ਤੁਸੀਂ ਜਾਣਦੇ ਨਹੀਂ?"

ਜ਼ਨਾਨੀਆਂ, ਵਾਗੀ ਤੇ ਕਈ ਬੁੱਢੇ ਅੱਖਾਂ ਪਾੜ ਪਾੜ ਮੁਨਸ਼ੀ ਨੂੰ ਸੁਣ

5