ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਢਲੀਆਂ ਸਤਰਾਂ

ਖੁਰਦਰੇ ਪਰਬਤਾਂ ਵਾਂਗ ਨੌਰੰਗ ਸਿੰਘ ਦੇ ਪਾਤਰ ਮੋਟੇ ਠੁਲੇ ਹੁੰਦੇ ਹਨ, ਪਰ ਉਨ੍ਹਾਂ ਦੇ ਹਿਰਦਿਆਂ ਵਿਚ ਬੇ-ਅੰਤ ਮਿੱਠੀਆਂ ਖ਼ਾਬਾਂ ਤੇ ਤ੍ਰਸੇਵਿਆਂ ਦੀਆਂ ਕੂਲਾਂ ਵਹਿੰਦੀਆਂ ਦਿਸਦੀਆਂ ਹਨ। ਪਰਬਤਾਂ ਜੇਡੇ ਉਹ ਵੱਡੇ ਤੇ ਉਨ੍ਹਾਂ ਦੇ ਡੂੰਘਾਣਾਂ ਵਿਚ ਸੁਹਣੀਆਂ ਇਨਸਾਨੀ ਸੁਗੰਧੀਆਂ ਲੁਕੀਆਂ ਹੋਈਆਂ ਹਨ। ਉਹ ਗੁਬਾਰ ਜਿਹੜਾ ਉਹਦੇ ਪਾਤਰ ਦੇ ਦਿਲ ਵਿਚ ਚਿਰਾਂ ਦਾ ਉਬਾਲੇ ਲੈ ਰਿਹਾ ਹੁੰਦਾ ਹੈ ਬਾਜੀ ਵਾਰੀ ਝੱਖੜ ਬਣ ਕੇ ਇਕ ਦਮ ਜ਼ਬਤ ਦੇ ਬੰਨ੍ਹਾਂ ਨੂੰ ਤੋੜਦਾ ਹੋਇਆ ਜਜ਼ਬਾਤੀ ਹੜ੍ਹਾਂ ਵਿਚ ਫੁਟ ਵਗਦਾ ਹੈ। ਉਨ੍ਹਾਂ ਦੇ ਦੁਧੀਆ ਬੋਲ ਸਾਨੂੰ ਆਪਣੇ ਕੂਲੇ ਚਾਨਣ ਨਾਲ ਕਜ ਦੇਂਦੇ ਹਨ। ਨੌਰੰਗ ਸਿੰਘ ਦੇ ਬਚਪਨ ਨੇ ਪਿੰਡਾਂ ਦੇ ਪੰਘੂੜਿਆਂ ਵਿਚ ਹੂਟੇ ਲਏ ਤੇ ਜਟਕੀਆਂ ਲੋਰੀਆਂ ਨੇ ਉਹਨੂੰ ਥਾਪੜਿਆ ਹੈ। ਮੁੜ ਮੁੜ ਉਹ ਕੁਦਰਤ ਦੇ ਭੰਡਾਰ ਵਲ ਜਾਂਦਾ ਹੈ ਤੇ ਓਥੋਂ ਸਾਡੇ ਅੱਗੇ ਪਿੰਡਾਂ ਦੇ ਦੁਧ ਦਹੀਂ ਦੀਆਂ ਮਟ ਚਾਟੀਆਂ ਖੋਲ੍ਹ ਦੇਂਦਾ ਹੈ ਤੇ ਅਸੀਂ ਚਰਾਂਦਾਂ ਦੇ ਸੱਜਰੇ ਸਾਹਾਂ, ਭਿੰਨੀ ਘਾਹ, ਵੱਗਾਂ ਦੇ ਖੁਰਾਂ ਨਾਲ ਉਡਦੀ ਤ੍ਰੇਲੀ ਧੂਲ ਤੇ ਪਲਰਦੀਆਂ ਪੈਲੀਆਂ ਦੇ ਸੁਬਕ ਬੁੱਲਿਆਂ ਦੀਆਂ ਘੁੱਟਾਂ ਭਰਨ ਲਗਦੇ ਹਾਂ। ਅਸੀਂ ਡਰਾਇੰਗ ਰੂਮ ਦੇ ਚਿਲਕਦੇ ਚੁਹਲ ਭੁੱਲ ਜਾਂਦੇ ਹਾਂ ਜਦੋਂ ਉਹ ਸਾਡੇ ਸਾਹਮਣੇ ਭਿਜੀਆਂ ਨੀਝਾਂ ਨਾਲ ਲਿਫ਼ੀ ਹੋਈ ਪਿੰਡ ਦੀ ਕੁੜੀ ਲਿਆ ਖਲਿਆਰਦਾ ਹੈ।

ਸ਼ਹਿਰ ਦੀਆਂ ਭੀੜੀਆਂ, ਸਿਲੀਆਂ, ਨਰ੍ਹਾਤੀਆਂ ਗਲੀਆਂ ਵਿਚ ਜਿੱਥੇ ਲੋਕੀ ਇਕ ਦੂਜੇ ਨੂੰ ਮਿਲਣ ਦੇ ਚਾਉ ਨਾਲ ਨਹੀਂ ਮਿਲਦੇ ਸਗੋਂ ਕੰਮ ਕਾਜ ਖਾਤਰ ਮਿਲਦੇ ਹਨ, ਉਹਦਾ ਸਾਹ ਘੁਟਦਾ ਹੈ।

ਉਹਦੀਆਂ ਜਾਂਗਲੀ ਟੱਪਰੀ ਵਾਸਾਂ, ਓਡਾਂ ਤੇ ਹਾਲੀਆਂ ਦੀਆਂ ਅਖੜ ਮੂਰਤਾਂ ਮਨੁੱਖ ਦੇ ਮੁਢਲੇ ਵੇਗਾਂ ਨੂੰ ਸਾਹਮਣੇ ਲਿਆਉਂਦੀਆਂ ਹਨ ਤੇ ਉਹ ਉਨ੍ਹਾਂ ਦੀ ਤਾਜ਼ਗੀ, ਸੋਭਾ ਤੇ ਅਨੂਪਮ ਵਹਿਣਾਂ ਵਿਚ ਠਿਲ੍ਹ ਪੈਂਦਾ

ਹੈ ਨਾ ਕਿ ਕਐਦਾ ਜਕੜੀ ਸਿਆਣਪ ਦੀਆਂ ਨਿਘੋਚਾਂ ਨਾਲ ਖਹਿੰਦਾ ਹੈ।

A