ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੁਣ ਨੀ ਕੁੜੀਏ ਮੱਛਲੀ ਵਾਲੀਏ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ
ਕਰਦੀ ਫਿਰਦੀ ਕਾਰਾ
ਮੱਛਲੀ ਤੇਰੀ ਮੱਚ ਮੱਚ ਉਠਦੀ
ਬਿਜਲੀ ਦਾ ਲਸ਼ਕਾਰਾ
ਸੋਹਣੇ ਭਬਕੇ ਦਾ-
ਬੋਲ ਮਸ਼ੀਨੋਂ ਪਿਆਰਾ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ

ਮੱਛਲੀ ਨਾ ਚਮਕਾਈਏ
ਸਾਡੇ ਪਿੰਡ ਦੇ ਮੁੰਡੇ ਬੁਰੇ ਨੇ
ਨੀਮੀ ਪਾ ਕੇ ਲੰਘ ਜਾਈਏ
ਖੂਹ-ਟੋਭੇ ਤੇਰੀ ਹੋਵੇ ਚਰਚਾ
ਚਰ ਚਰ ਨਾ ਕਰਵਾਈਏ
ਚੰਦ ਵਾਂਗੂ ਛਿਪਜੇਂ ਗੀ-
ਬਿਸ਼ਨ ਕੁਰੇ ਭਰਜਾਈਏ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ

ਮੱਛਲੀ ਨਾ ਚਮਕਾਈਏ
ਗਲ਼ੀ ਗਲ਼ੀ ਤੇਰਾ ਚਾਚਾ ਫਿਰਦਾ
ਚਰ ਚਰ ਨਾ ਕਰਵਾਈਏ
ਜੇ ਡਰ ਮਾਪਿਆਂ ਦਾ-
ਤੁਰਤ ਜਵਾਬ ਸੁਣਾਈਏ

ਸੁਣ ਨੀ ਕੁੜੀਏ ਸੱਗੀ ਵਾਲ਼ੀਏ

ਸੱਗੀ ਨਾ ਚਮਕਾਈਏ
ਬਈ ਹੱਟੀ ਭੱਠੀ ਹੋਵੇ ਚਰਚਾ
ਚਰਚਾ ਨਾ ਕਰਵਾਈਏ
ਪਿੰਡ ਦਿਆਂ ਮੁੰਡਿਆਂ ਤੋਂ-
ਨੀਵੀਂ ਪਾ ਲੰਘ ਜਾਈਏ

101 - ਬੋਲੀਆਂ ਦਾ ਪਾਵਾਂ ਬੰਗਲਾ