ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹਾਰ-ਸ਼ਿੰਗਾਰ

ਆਰਸੀ
ਅੱਧੀ ਰਾਤੀਂ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ

ਸੱਗੀ ਫੁੱਲ

ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਫੁੱਲ਼ਾਂ ਬਾਝ ਫੁਲਾਹੀਆਂ
ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਨੱਚਣ ਗਿੱਧੇ ਵਿਚ ਆਈਆਂ

ਰਾਜ ਦੁਆਰੇ ਬਹਿਗੀ ਰਾਜੋ

ਰੱਤਾ ਪੀਹੜਾ ਡਾਹ ਕੇ
ਕਿਓੜਾ ਛਿੜਕਿਆ ਆਸੇ ਪਾਸੇ
ਅਤਰ ਫਲ਼ੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਂਹਦੇ
ਰੱਖੇ ਦੰਦ ਚਮਕਾ ਕੇ
ਕੰਨਾਂ ਦੇ ਵਿਚ ਸਜਣ ਕੋਕਰੂ
ਰੱਖੇ ਵਾਲ਼ੇ ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲੈ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ-
ਸਭ ਦੇਖਣ ਘੁੰਡ ਚੁਕਾ ਕੇ

76 - ਬੋਲੀਆਂ ਦਾ ਪਾਵਾਂ ਬੰਗਲਾ