ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਹਰ ਪਾਸੇ ਹਥਿਆਰ ਬੇਲੀਆ।
ਕਰਦੇ ਮਾਰੋ-ਮਾਰ ਬੇਲੀਆ।

ਮੈਂ ਵਰ੍ਹਿਆਂ ਤੋਂ ਲੱਭਦਾ ਫਿਰਨਾਂ,
ਕਿੱਥੇ ਹੈ ਸਰਕਾਰ ਬੇਲੀਆ।

ਪੰਛੀ ਨਹੀਂ, ਇਹ ਅਰਸ਼ 'ਤੇ ਉਡਦੀ,
ਹੈ ਖੰਭਾਂ ਦੀ ਡਾਰ ਬੇਲੀਆ।

ਲੱਤਾਂ ਹੀ ਨਾ ਭਾਰ ਸੰਭਾਲਣ,
ਡਿੱਗਿਆਂ ਮੂੰਹ ਦੇ ਭਾਰ ਬੇਲੀਆ।

ਜਿਸਮ ਅਸਾਡਾ ਟੁੱਕੀ ਜਾਵੇ,
ਆਪਣੀ ਹੀ ਤਲਵਾਰ ਬੇਲੀਆ।

ਟੂਣੇ ਵਾਂਗ ਬਰੂਹੀਂ ਡਿੱਗੇ,
ਰੋਜ਼ਾਨਾ ਅਖ਼ਬਾਰ ਬੇਲੀਆ।

ਮੋਏ ਮੁੱਕਰੇ ਇਕ ਬਰਾਬਰ,
ਭੁੱਲਿਓਂ ਕੌਲ ਕਰਾਰ ਬੇਲੀਆ।

ਸ਼ਗਨਾਂ ਦੀ ਫੁਲਕਾਰੀ ਹੁਣ ਤਾਂ,
ਹੋ ਗਈ ਤਾਰੋ ਤਾਰ ਬੇਲੀਆ।

ਬੋਲ ਮਿੱਟੀ ਦਿਆ ਬਾਵਿਆ /100