ਇਹ ਸਫ਼ਾ ਪ੍ਰਮਾਣਿਤ ਹੈ
ਗ਼ਜ਼ਲ
ਨਾ ਉਹ ਆਰ ਦੇ ਰਹੇ ਤੇ ਨਾ ਉਹ ਪਾਰ ਦੇ ਰਹੇ।
ਜਿਹੜੇ ਕੰਢੇ ਤੇ ਖਲੋਤੇ ਵਾਜਾਂ ਮਾਰਦੇ ਰਹੇ।
ਉਨ੍ਹਾਂ ਡੋਬੇ ਨੇ ਮੁਸਾਫ਼ਰਾਂ ਦੇ ਪੂਰ ਦਰ ਪੂਰ,
ਜਿਹੜੇ ਬੇੜੀਆਂ ਖ਼ਵਾਬਾਂ ਵਿਚ ਤਾਰਦੇ ਰਹੇ।
ਖ਼ੌਰੇ ਕਿੱਸਰਾਂ ਪਸੀਜਣੇ ਸੀ ਪੱਥਰਾਂ ਦੇ ਬੁੱਤ,
ਅਸੀਂ ਹੰਝੂਆਂ ਦੀ ਆਰਤੀ ਉਤਾਰਦੇ ਰਹੇ।
ਕਹਿਰੀ ਹਵਾ ਨੇ ਖਿੰਡਾਇਆ ਕਣ ਕਣ ਉੱਡਿਆ,
ਅਸੀਂ ਕਿਲ੍ਹੇ ਗਿੱਲੀ ਰੇਤ ਦੇ ਉਸਾਰਦੇ ਰਹੇ।
ਕਿਵੇਂ ਜ਼ਿੰਦਗੀ ਦੀ ਅੱਖ ਨਾਲ ਅੱਖ ਉਹ ਮਿਲਾਂਦੇ,
ਬਦਨੀਤ ਜੋ ਝਕਾਨੀਆਂ ਹੀ ਮਾਰਦੇ ਰਹੇ।
ਥੋੜੇ ਲੋਕ ਨੇ ਜੋ ਬਾਲਦੇ ਨੇ ਬੱਤੀਆਂ ਬਨੇਰੇ,
ਬਹੁਤੇ ਰਾਤ ਦੜ ਵੱਟ ਕੇ ਗੁਜ਼ਾਰਦੇ ਰਹੇ।
ਹੀਰਾਂ ਸਦਾ ਹੀ ਅਮੀਰੜੇ ਦੀ ਡੋਲੀ ਬਹਿੰਦੀਆ,
ਰਾਂਝੇ ਚਾਕ ਵੱਗ ਮੱਝੀਆਂ ਦੇ ਚਾਰਦੇ ਰਹੇ।
●
ਬੋਲ ਮਿੱਟੀ ਦਿਆ ਬਾਵਿਆ /99