ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੰਨ੍ਹਾਂ ਪੈਲੀਆਂ ਦੇ ਵਿਚ ਸਰ੍ਹੋਂਆ ਸਨ,
ਕਣਕਾਂ ਸਨ ਖ਼ੂਬ ਬਹਾਰਾਂ ਸਨ।
ਗੱਭਰੂ ਸਨ ਸਰੂਆਂ ਵਾਂਗ ਖੜ੍ਹੇ,
ਤੇ ਗੁੜ ਮਿੱਠੀਆਂ ਮੁਟਿਆਰਾਂ ਸਨ।
ਨਾ ਗੱਭਰੂ ਨਾ ਮੁਟਿਆਰਾਂ ਹਨ।
ਨਾ ਖੇਤਾਂ ਵਿਚ ਬਹਾਰਾਂ ਹਨ।
ਸਰ੍ਹੋਆਂ ਦੀ ਪੀਲੱਤਣ ਚਿਹਰਿਆਂ ਤੇ,
ਫ਼ਸਲਾਂ ਦੀ ਥਾਂ ਤਲਵਾਰਾਂ ਹਨ।

ਘਰ ਘਰ ਦੇ ਚੁਫ਼ੇਰ ਦੀਵਾਰਾਂ ਨੇ
ਲੱਗੀਆਂ ਕੰਡਿਆਲੀਆਂ ਤਾਰਾਂ ਨੇ।
ਬੰਦ ਬੂਹੇ ਹੇਠੋਂ ਆ ਧਮਕਣ,
ਨਿੱਤ ਰੱਤ ਭਿੱਜੀਆਂ ਅਖ਼ਬਾਰਾਂ ਨੇ।
ਤੂੰ ਵੀ ਪੜ੍ਹਦੈਂ ਮਿੱਟੀ ਦਿਆ ਬਾਵਿਆ?
ਕੁਝ ਦੱਸ ਖਾਂ ਮਿੱਟੀ ਦਿਆ ਬਾਵਿਆ?

ਕਈ ਮਾਂਦਰੀ ਸੱਪ ਨੂੰ ਕੀਲ ਮਰੇ।
ਹੱਕ ਦੱਸਦੇ ਕਈ ਵਕੀਲ ਮਰੇ।
ਪਰ ਮੈਨੂੰ ਏਦਾਂ ਲੱਗਦਾ ਹੈ,
ਹਰ ਵਾਰੀ ਸਿਰਫ਼ ਦਲੀਲ ਮਰੇ।
ਤੂੰ ਕੀ ਸੋਚਦੈਂ ਮਿੱਟੀ ਦਿਆ ਬਾਵਿਆ?
ਤੇਰਾ ਹਾਸਾ ਕਿਸ ਨੇ ਖਾ ਲਿਆ?

ਜਿਸ ਰਕਤ-ਨਦੀ ਵਿਚ ਠਿੱਲ ਪਏ ਹਾਂ,
ਉਰਵਾਰ ਪਾਰ ਨਾ ਥਾਹ ਲੱਗਦੀ।
ਕਿਧਰੋਂ ਦੀ ਵਾਪਸ ਪਰਤਾਂਗੇ,
ਹੁਣ ਨ੍ਹੇਰੇ ਵਿਚ ਨਾ ਰਾਹ ਲੱਭਦੀ।

ਬੋਲ ਮਿੱਟੀ ਦਿਆ ਬਾਵਿਆ/16