ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੇ ਜੀਅ ਚਿੜੀਏ

ਕਦੇ ਜੀਅ ਚਿੜੀਏ ਕਦੇ ਮਰ ਚਿੜੀਏ।
ਤੈਨੂੰ ਕਿਹੋ ਜਿਹਾ ਮਿਲਿਆ ਏ ਘਰ ਚਿੜੀਏ।

ਕੱਚੇ ਵਿਹੜਿਆਂ ਦੀ ਜੰਮੀ ਜਾਈ ਤੋਤਲੀ ਜ਼ਬਾਨ।
ਹੋਈ ਵਰ੍ਹਿਆਂ 'ਚ ਵਧ ਕੇ ਤੂੰ ਸਰੂ ਜਹੀ ਜਵਾਨ।
ਲੱਗੇ ਮਗਰ ਸ਼ਿਕਾਰੀ ਹੱਥ ਤੀਰ ਤੇ ਕਮਾਨ।
ਤੈਨੂੰ ਜਾਨੋਂ ਨਾ ਗੁਆਉਣ ਲੱਗੇ ਡਰ ਚਿੜੀਏ।

ਤੇਰੇ ਕਦਮਾਂ 'ਚ ਵਿਛੇ ਹਾਲੇ ਕੰਡੇ ਤੇ ਹਨੇਰੇ।
ਕਦੇ ਲਿਸ਼ਕੇ ਨਾ ਦੀਵਾ ਸੁੰਨੇ ਸੱਖਣੇ ਬਨੇਰੇ।
ਤੇਰੇ ਆਲ੍ਹਣੇ ਤੋਂ ਦੂਰ ਹਾਲੇ ਸੁਣੀਂਦੇ ਸਵੇਰੇ।
ਨੀ ਤੂੰ ਖੰਭਾਂ 'ਚ ਉਡਾਰੀਆਂ ਨੂੰ ਭਰ ਚਿੜੀਏ।

ਕਿਤੇ ਪੈ ਨਾ ਜਾਵੇ ਖ਼ਤਰੇ 'ਚ ਬਾਬਲੇ ਦੀ ਪੱਗ।
ਕੁੱਲੀ ਕੱਖਾਂ ਦੀ ਚ ਸਾਂਭੇਗਾ ਵਿਚਾਰਾ ਕਿਵੇਂ ਅੱਗ।
ਹਵਾ ਚੰਦਰੀ ਤੋਂ ਬਚ ਐਵੇਂ ਨਾਲ ਨਾ ਤੂੰ ਲੱਗ।
ਕੋਈ ਸਾੜ ਦਏ ਨਾ ਐਵੇਂ ਤੇਰੇ ਪਰ ਚਿੜੀਏ।

ਏਸ ਬਾਗ਼ ਵਿਚ ਆਲ੍ਹਣੇ ਨੂੰ ਢਾਹੁਣ ਰਖਵਾਲੇ।
ਜਿੰਦ ਜਾਬਰਾਂ ਦੇ ਵੱਸ ਫੁੱਲ ਅੱਗ ਦੇ ਹਵਾਲੇ।
ਇਹ ਤਾਂ ਉੱਜੜੂ ਜ਼ਰੂਰ ਸਿੱਧੇ ਦਿਸਦੇ ਨਾ ਚਾਲੇ।
ਨਾ ਹੀ ਜੀਣ ਜੋਗੇ ਨਾ ਹੀ ਹੋਵੇ ਮਰ ਚਿੜੀਏ।
ਤੈਨੂੰ ਕਿਹੋ ਜਿਹਾ ਮਿਲਿਆ ਏ ਘਰ ਚਿੜੀਏ।

ਬੋਲ ਮਿੱਟੀ ਦਿਆ ਬਾਵਿਆ/49