ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੰਭ ਖਿੱਲਰੇ ਨੇ ਕਾਵਾਂ ਦੇ
ਲਾਭ ਜੰਜੂਆ ਦੇ ਨਾਂ

ਖੰਭ ਖਿੱਲਰੇ ਨੇ ਕਾਵਾਂ ਦੇ।
ਰੋਕ ਲਉ ਨਿਸ਼ਾਨੇ-ਬਾਜ਼ੀਆਂ,
ਪੁੱਤ ਮੁੱਕ ਚੱਲੇ ਮਾਵਾਂ ਦੇ।

ਕਿੱਥੇ ਉੱਡੀਆਂ ਗੁਟਾਰਾਂ ਨੇ।
ਐਤਕੀਂ ਨਾ ਤੀਆਂ ਨੱਚੀਆਂ,
ਸਾਡੇ ਪਿੰਡ ਮੁਟਿਆਰਾਂ ਨੇ।

ਵੱਜਦਾ ਏ ਢੋਲ ਪਿਆ।
ਫੇਰ ਕੀ ਜਵਾਬ ਦਿਓਗੇ,
ਸਾਰਾ ਪਿੰਡ ਹੀ ਜੇ ਬੋਲ ਪਿਆ।

ਮਾਵਾਂ ਦੀ ਛਾਂ ਖ਼ਤਰੇ।
ਗੋਦੀ 'ਚ ਖਿਡੌਣਾ ਟੁੱਟਿਆ,
ਢਿੱਡੋਂ ਜੰਮਦਿਆਂ ਪਏ ਖ਼ਤਰੇ।

ਤਲੀਆਂ ਤੇ ਮਹਿੰਦੀ ਏ।
ਜਦੋਂ ਵੀ ਕਿਤੇ ਉੱਲੂ ਬੋਲਦੇ,
ਮੇਰੀ ਜਾਨ ਤ੍ਰਹਿੰਦੀ ਏ।

ਲੱਕੜੀ ਵਿਚ ਕਿੱਲ ਠੋਕਾਂ।
ਹੜ੍ਹ ਦਰਿਆਵਾਂ ਦੇ,
ਕੱਲ੍ਹਾ ਕੱਖ ਮੈਂ ਕਿਵੇਂ ਰੋਕਾਂ।

ਬੋਲ ਮਿੱਟੀ ਦਿਆ ਬਾਵਿਆ/51