ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਢੱਲਿਆ ਮਕਾਨ ਹੋਇਆ ਆਲ੍ਹਣਾ ਤਬਾਹ ਏ

ਢੱਠਿਆ ਮਕਾਨ ਹੋਇਆ ਆਲ੍ਹਣਾ ਤਬਾਹ ਏ।
ਏਸ ਦੇ ਖਿਲਾਫ਼ ਸਾਡੀ ਚਾਨਣੀ ਗਵਾਹ ਏ।

ਮਿੱਟੀ ਦੀਆਂ ਕੰਧਾਂ ਤੇਜ਼ ਪਾਣੀਆਂ ਨੇ ਭੰਨੀਆਂ।
ਸਾਡੀਆਂ ਪੁਕਾਰਾਂ ਕੂਕਾਂ ਕਿਸੇ ਵੀ ਨਾ ਮੰਨੀਆਂ।
ਲੱਕ ਲੱਕ ਪਾਣੀ ਟੱਪ ਗਿਆ ਹੱਦਾਂ-ਬੰਨੀਆਂ।
ਵੇਖਣ ਜਹਾਜ਼ੀਂ ਚੜ੍ਹ ਦੂਰਬੀਨਾਂ ਅੰਨ੍ਹੀਆਂ।
ਚੱਪੂ ਤੋਂ ਬਗੈਰ ਸਾਡੀ ਬੇੜੀ ਦਾ ਮਲਾਹ ਏ...।

ਅੰਬਰਾਂ 'ਚ ਪਈਆਂ ਵੇਖ ਪੀਂਘਾਂ ਸਤਰੰਗੀਆਂ।
ਪੱਕੇ ਘਰਾਂ ਵਾਲਿਆਂ ਨੂੰ ਲੱਗਦੀਆਂ ਚੰਗੀਆਂ।
ਸਾਡੀਆਂ ਤਾਂ ਜਿੰਦਾਂ ਇਹਨੇ ਸੂਲ ਉਤੇ ਟੰਗੀਆਂ।
ਜ਼ਹਿਮਤਾਂ ਦਾ ਹੜ੍ਹ ਸਾਥੋਂ ਰਹਿਮਤਾਂ ਕਿਉਂ ਸੰਗੀਆਂ।
ਨੀਂਵਿਆਂ ਨੂੰ ਡੋਬਣਾ ਇਹ ਪਾਣੀ ਦਾ ਸੁਭਾਅ ਏ...।

ਤੰਦ ਦਾ ਵਿਗਾੜ ਹੁਣ ਉਲਝੀਆਂ ਤਾਣੀਆਂ।
ਤੱਕੜੀ ਵੀ ਕਰੀ ਜਾਵੇ ਵੇਖੋ ਵੰਡਾਂ ਕਾਣੀਆਂ।
ਉਮਰਾਂ ਤੋਂ ਲੰਬੀਆਂ ਨੇ ਦਰਦ ਕਹਾਣੀਆਂ।
ਭਰੀ ਜਾ ਹੁੰਗਾਰਾ ਤੈਥੋਂ ਸੁਣੀਆਂ ਨਹੀਂ ਜਾਣੀਆਂ।
ਡਾਢਿਆਂ ਦੇ ਪੱਖ ਵਿਚ ਹੋ ਗਿਆ ਖ਼ੁਦਾ ਏ।

ਧਰਤੀ ਦੇ ਸਿਰ ਉੱਤੇ ਗੂੰਗਾ ਅਸਮਾਨ ਹੈ।
ਮਨ ਹੈ ਉਦਾਸ ਸੁੰਨਾ ਲੱਗਦਾ ਜਹਾਨ ਹੈ।
ਕੰਬਦੀ ਏ ਲਾਟ ਸਾਡੀ ਮੁੱਠੀ ਵਿਚ ਜਾਨ ਹੈ।
ਫਿਰ ਵੀ ਤੂੰ ਵੇਖ ਸਾਡੇ ਹੋਠੀਂ ਮੁਸਕਾਨ ਹੈ।
ਸਾਡਾ ਹੁਣ ਬੱਝਦਾ ਨਾ ਕਿਸੇ ਤੇ ਵਿਸਾਹ ਏ।

ਬੋਲ ਮਿੱਟੀ ਦਿਆ ਬਾਵਿਆ/60