ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਨਾ ਸੂਰਜਾ ਤੂੰ ਵੇਖ

ਚੰਨਾ ਸੂਰਜਾ ਤੂੰ ਵੇਖ ਸਰਘੀ ਦੇ ਤਾਰਿਆ।
ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ।

ਗੱਡੀ ਰੁਕੀ ਅੱਧਵਾਟੇ ਪੈਣ ਘਾਟੇ ਦਰ ਘਾਟੇ।
ਸਾਡੀ ਸਾਬਤੀ ਕਿਤਾਬ ਦੇ ਨੇ ਸਫ਼ੇ ਅੱਜ ਪਾਟੇ।
ਝੂਠ ਜਿੱਤਿਆਂ ਤੇ ਵੇਖ ਕਿੱਦਾਂ ਸੱਚ ਹਾਰਿਆ।
ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ।

ਸਾਨੂੰ ਖਾਈ ਜਾਵੇ ਪਾਲਾ ਚੜ੍ਹੇ ਹਾੜ੍ਹ ਲੱਗੇ ਪੋਹ।
ਸਾਡੇ ਹੱਕ ਦੀ ਕਮਾਈ ਡਾਢੇ ਲੈ ਜਾਣ ਖੋਹ।
ਕੋਈ ਸੁਣਦਾ ਨਾ ਅੱਜ ਸਾਡੀ ਹਾਲ ਪਾਹਰਿਆ।
ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ।

ਸਾਡੇ ਮਾਂ ਬਾਪ ਜਾਏ ਅੱਜ ਬਣ ਗਏ ਪਰਾਏ।
ਖ਼ੂਨ ਵਿਚ ਨਾ ਲਕੀਰ ਪੈਂਦੀ ਕਿਹੜਾ ਸਮਝਾਏ।
ਵੇਖੋ! ਸਾਡੇ ਭਾਈਚਾਰੇ ਨੇ ਕੀਹ ਰੂਪ ਧਾਰਿਆ।
ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ।

ਹੋਈਏ ਕਿਰਤੀ ਕਿਸਾਨ ਇਕ ਮੁੱਠ ਇਕ ਜਾਨ।
ਸਾਡਾ ਬੋਹਲ ਨਾ ਕੋਈ ਲੁੱਟੇ ਲਾਂਭੇ ਕਰਕੇ ਧਿਆਨ।
ਗੂੰਜ ਅੰਬਰਾਂ 'ਚ ਏਕਤਾ ਦੇ ਉੱਚੇ ਨਾਹਰਿਆ।
ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ।

ਬੋਲ ਮਿੱਟੀ ਦਿਆ ਬਾਵਿਆ/64