ਗ਼ਜ਼ਲ
ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉੱਤੇ ਬਹਿੰਦੇ ਨੂੰ।
ਰਾਤ ਲੰਘਾਈ ਕੰਡਿਆਂ ਉੱਤੇ ਉਸਲਵੱਟੇ ਸਹਿੰਦੇ ਨੂੰ।
ਅੱਗ ਵੀ ਸਾੜੇ ਠੰਢ ਵੀ ਠਾਰੇ ਜੰਤ ਜਨੌਰਾਂ ਦਾ ਵੀ ਡਰ,
ਕੱਲ੍ਹੀ ਜਾਨ ਨੂੰ ਲੱਖਾਂ ਕਹੀਏ ਜੰਗਲ ਦੇ ਵਿਚ ਰਹਿੰਦੇ ਨੂੰ।
ਸੁਰਖ਼ਪੋਸ਼ ਜਿਹਾ ਰਮਤਾ ਜੋਗੀ ਜਦ ਦਰਿਆ ਨੂੰ ਪਾਰ ਕਰੇ,
ਬਿਲਕੁਲ ਏਦਾਂ ਜਾਪੇ ਸੂਰਜ ਲਹਿ ਚੱਲਿਆ ਹੈ ਲਹਿੰਦੇ ਨੂੰ।
ਮੁੱਕ ਜਾਵਾਂਗੇ ਬਾਂਸ ਵਰਗਿਉ, ਆਪਣੀਓਂ ਹੀ ਅੱਗ ਦੇ ਨਾਲ,
ਡੱਕਿਆ ਨਾ ਜੇ ਬਾਹੂਬਲ ਨੂੰ ਆਪਸ ਦੇ ਵਿਚ ਖਹਿੰਦੇ ਨੂੰ।
ਸਿੰਗਾਂ ਵਾਲੇ ਇਕ ਚਿਹਰੇ ਤੋਂ ਹਰਦਮ ਡਰਦਾ ਰਹਿੰਦਾ ਹਾਂ,
ਚੌਵੀ ਘੰਟੇ ਖ਼ੌਰੂ ਪਾਏ ਘੂਰੇ ਉੱਠਦੇ ਬਹਿੰਦੇ ਨੂੰ।
ਖ਼ਬਰਦਾਰ ਜੀ ਬਚਕੇ ਰਹਿਣਾ ਕੰਧਾਂ ਵਿਚ ਤਰੇੜਾਂ ਨੇ,
ਦੂਰ ਖਲੋਤੇ ਦੱਬ ਲੈਂਦੀ ਹੈ ਉੱਚੀ ਮਮਟੀ ਢਹਿੰਦੇ ਨੂੰ।
ਮੇਰੀ ਜੀਭ ਸੁਆਦਾਂ ਪਿੱਟੀ ਝੂਠ ਦਾ ਮਿੱਠਾ ਖਾਂਦੀ ਹੈ,
ਸੱਚ ਏਸ ਨੂੰ ਕੌੜਾ ਲੱਗਦੈ, ਮਨ੍ਹਾਂ ਕਰੇ ਸੱਚ ਕਹਿੰਦੇ ਨੂੰ।
ਪਤਾ ਨਹੀਂ ਇਸ ਇਮਤਿਹਾਨ ਵਿਚ ਕਿੰਨਾ ਕੁ ਚਿਰ ਰਹਿਣਾ ਹੈ,
ਚਾਰ ਜੁੱਗ ਤਾਂ ਬੀਤ ਗਏ ਨੇ, ਜ਼ੋਰ ਜਬਰ ਇਹ ਸਹਿੰਦੇ ਨੂੰ।
●
ਬੋਲ ਮਿੱਟੀ ਦਿਆ ਬਾਵਿਆ /77